ਅਹਿਮਦਾਬਾਦ ਜਹਾਜ਼ ਹਾਦਸੇ ’ਚ ਹੁਣ ਤਕ 247 ਦੇ DNA ਦੀ ਸ਼ਨਾਖ਼ਤ, 232 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ
- bhagattanya93
- Jun 22
- 2 min read
22/06/2025

ਅਹਿਮਦਾਬਾਦ ’ਚ 12 ਜੂਨ ਨੂੰ ਹੋਏ ਭਿਆਨਕ ਹਵਾਈ ਹਾਦਸੇ ’ਚ ਮਾਰੇ ਗਏ ਲੋਕਾਂ ’ਚੋਂ 247 ਪੀੜਤਾਂ ਦੀ ਪਛਾਣ ਹੁਣ ਤੱਕ ਡੀਐੱਨਏ ਟੈਸਟ ਰਾਹੀਂ ਕੀਤੀ ਜਾ ਚੁੱਕੀ ਹੈ ਤੇ 232 ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਹਵਾਈ ਜਹਾਜ਼ ਨੇ ਉਸ ਦਿਨ ਅਹਿਮਦਾਬਾਦ ਤੋਂ ਲੰਡਨ ਲਈ ਦੁਪਹਿਰ 1:39 ਵਜੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਤੇ ਕੁਝ ਪਲਾਂ ’ਚ ਹੀ ਇਹ ਇਕ ਮੈਡੀਕਲ ਕਾਲਜ ਦੀ ਮੈੱਸ ਨਾਲ ਟਕਰਾ ਗਿਆ ਸੀ। ਇਸ ਘਟਨਾ ’ਚ ਕੁੱਲ 275 ਲੋਕਾਂ ਦੀ ਜਾਨ ਗਈ ਸੀ। ਜਹਾਜ਼ ’ਚ ਸਵਾਰ 242 ’ਚੋਂ 241 ਯਾਤਰੀ ਮਾਰੇ ਗਏ ਸਨ, ਜਦਕਿ ਇਕ ਦਾ ਬਚਾਅ ਹੋ ਗਿਆ ਸੀ।
ਅਹਿਮਦਾਬਾਦ ਸਿਵਲ ਹਸਪਤਾਲ ਦੇ ਮੈਡੀਕਲ ਅਧਿਕਾਰੀ ਡਾ. ਰਾਕੇਸ਼ ਜੋਸ਼ੀ ਨੇ ਕਿਹਾ - ‘ਸ਼ਨਿੱਚਰਵਾਰ ਦੀ ਸ਼ਾਮ ਤੱਕ 247 ਡੀਐੱਨਏ ਨਮੂਨਿਆਂ ਦਾ ਮਿਲਾਨ ਹੋ ਚੁੱਕਾ ਹੈ। ਇਨਾਂ ’ਚ 187 ਭਾਰਤੀ, 52 ਬ੍ਰਿਟਿਸ਼, ਸੱਤ ਪੁਰਤਗਾਲੀ ਨਾਗਰਿਕ ਅਤੇ ਇਕ ਕੈਨੇਡੀਅਨ ਸ਼ਾਮਲ ਹਨ।" ਇਨ੍ਹਾਂ 187 ਭਾਰਤੀਆਂ ਵਿੱਚੋਂ 175 ਜਹਾਜ਼ ਵਿੱਚ ਸਵਾਰ ਸਨ। ਡਾ. ਜੋਸ਼ੀ ਨੇ ਦੱਸਿਆ ਕਿ ਇਹ ਲੋਕ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਦੀਵ ਅਤੇ ਨਗਾਲੈਂਡ ਆਦਿ ਤੋਂ ਸਨ।

ਕਰੂ ਮੈਂਬਰ ਪਾਠਕ ਦੇ ਅੰਤਮ ਦਰਸ਼ਨਾਂ ਲਈ ਹਜ਼ਾਰਾਂ ਦੀ ਭੀੜ ਉਮੜੀ
ਠਾਣੇ ਦੇ ਬਦਲਾਪੁਰ ’ਚ ਹਜ਼ਾਰਾਂ ਗਮਗੀਨ ਲੋਕਾਂ ਦੀ ਹਾਜ਼ਰੀ ’ਚ ਜਹਾਜ਼ ਦੇ ਕਰੂ-ਮੈਂਬਰ ਦੀਪਕ ਪਾਠਕ ਨੂੰ ਆਖਰੀ ਵਿਦਾਈ ਦਿੱਤੀ ਗਈ। 34 ਸਾਲਾ ਪਾਠਕ ਪਿਛਲੇ 11 ਸਾਲਾਂ ਤੋਂ ਏਅਰਲਾਈਨ ’ਚ ਸੇਵਾ ਦੇ ਰਹੇ ਸਨ। ਹਾਦਸੇ ਦੇ ਨੌਵੇਂ ਦਿਨ ਡੀਐੱਨਏ ਟੈਸਟਿੰਗ ਦੁਆਰਾ ਉਨ੍ਹਾਂ ਦੀ ਪਹਿਚਾਣ ਕੀਤੀ ਗਈ।
ਓਧਰ ਪੁਣੇ ’ਚ ਹੋਰ ਇੱਕ ਕਰੂ ਮੈਂਬਰ 22 ਵਰ੍ਹਿਆਂ ਦੇ ਇਰਫਾਨ ਸ਼ੈਖ ਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਭਾਵੁਕ ਵਿਦਾਈ ਦਿੱਤੀ। ਮਹਾਂਰਾਸ਼ਟਰ ਦੇ ਪਿੰਪਰੀ ਚਿੰਚਵੜ ’ਚ ਉਨ੍ਹਾਂ ਦੇ ਸ਼ਰੀਰ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ। ਸ਼ੁੱਕਰਵਾਰ ਨੂੰ ਡੀਐੱਨਏ ਮਿਲਾਨ ਤੋਂ ਬਾਅਦ ਇਰਫਾਨ ਦੇ ਸ਼ਰੀਰ ਦੇ ਅੰਗਾਂ ਨੂੰ ਸ਼ਨਿੱਚਰਵਾਰ ਸਵੇਰੇ ਪੁਣੇ ਲਿਆਂਦਾ ਗਿਆ। ਇਕ ਰਿਸ਼ਤੇਦਾਰ ਨੇ ਦੱਸਿਆ ਕਿ ਇਰਫਾਨ ਦੋ ਸਾਲ ਪਹਿਲਾਂ ਕੋਰਸ ਪੂਰਾ ਕਰਨ ਦੇ ਬਾਅਦ ਕੇਬਿਨ ਕਰੂ ਦੇ ਮੈਂਬਰ ਵਜੋਂ ਏਵੀਏਸ਼ਨ ਉਦਯੋਗ ਨਾਲ ਜੁੜ ਗਏ ਸਨ। ਉਨ੍ਹਾਂ ਨੇ રૂઆતਵਿੱਚ ਵਿਸਤਾਰਾ ਨਾਲ ਕੰਮ ਕੀਤਾ ਤੇ ਏਅਰ ਇੰਡੀਆ-ਵਿਸਤਾਰਾ ਰਲੇਵੇਂ ਦੇ ਬਾਅਦ ਉਨ੍ਹਾਂ ਨੇ ਅੰਤਰਰਾਸ਼ਟਰੀ ਮਾਰਗਾਂ ’ਤੇ ਉਡਾਣਾਂ ਸ਼ੁਰੂ ਕੀਤੀਆਂ।





Comments