IND-Pak ਵਿਚਾਲੇ ਫਿਰ ਪੈਣ ਵਾਲਾ ਹੈ ਵੱਡਾ ਪੰਗਾ...Champions Trophy ਕਲੋਜ਼ਿੰਗ ਸੈਰਾਮਨੀ 'ਚ ਕਿਸੇ PCB ਅਧਿਕਾਰੀ ਦੇ ਮੌਜੂਦ ਨਾ ਹੋਣ ਦਾ ਮੁੱਦਾ
- Ludhiana Plus
- Mar 11
- 2 min read
11/03/2025

ਚੈਂਪੀਅਨਜ਼ ਟਰਾਫੀ ਖ਼ਤਮ ਹੋ ਚੁੱਕੀ ਹੈ, ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਕ ਵੱਡੇ ਵਿਵਾਦ ਦੀ ਜ਼ਮੀਨ ਤਿਆਰ ਹੋ ਚੁੱਕੀ ਹੈ। ਮਸਲਾ ਹੈ ਚੈਂਪੀਅਨਜ਼ ਟ੍ਰਾਫੀ ਦੇ ਫਾਈਨਲ ਮੁਕਾਬਲੇ ਤੋਂ ਬਾਅਦ ਹੋਈ ਪ੍ਰੇਜ਼ੈਂਟੇਸ਼ਨ ਤੇ ਕਲੋਜ਼ਿੰਗ ਸੈਰਾਮਨੀ 'ਚ ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਕਿਸੇ ਵੀ ਅਧਿਕਾਰੀ ਦੇ ਨਾ ਹੋਣ ਦਾ।
ਪਾਕਿਸਤਾਨ 'ਚ ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਲੋਕ ਗੁੱਸੇ 'ਚ ਹਨ। ਕੁਝ ਲੋਕ ਪੀਸੀਬੀ ਨੂੰ ਦੋਸ਼ ਦੇ ਰਹੇ ਹਨ ਤੇਕੁਝ ਆਈਸੀਸੀ ਅਤੇ ਬੀਸੀਸੀਆਈ ਪ੍ਰਤੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।
ਪੀਸੀਬੀ ਦੇ ਨੁਮਾਇੰਦੇ ਆਏ ਨਹੀਂ ਜਾਂ ਬੁਲਾਇਆ ਨਹੀਂ ਗਿਆ
ਵੱਖ-ਵੱਖ ਮੀਡੀਆ ਰਿਪੋਰਟਾਂ ਵਿਚਕਾਰ ਇਹ ਸਪੱਸ਼ਟ ਨਹੀਂ ਹੈ ਕਿ ਪਾਕਿਸਤਾਨ ਤੋਂ ਕਿਸੇ ਅਧਿਕਾਰੀ ਨੂੰ ਬੁਲਾਇਆ ਨਹੀਂ ਗਿਆ ਜਾਂ ਫਿਰ ਦੁਬਈ 'ਚ ਹੋਣ ਦੇ ਬਾਵਜੂਦ ਪੀਸੀਬੀ ਦੇ ਨੁਮਾਇੰਦੇ ਪ੍ਰੇਜ਼ੈਂਟੇਸ਼ਨ 'ਚ ਨਹੀਂ ਆਏ, ਕਿਉਂਕਿ ਭਾਰਤ ਨੇ ਜਿੱਤ ਹਾਸਲ ਕੀਤੀ ਹੈ।
ਹੁਣ ਤਕ ਦੀ ਜਾਣਕਾਰੀ ਅਨੁਸਾਰ, ਆਈਸੀਸੀ ਨੇ ਕਲੋਜ਼ਿੰਗ ਸੈਰਾਮਨੀ ਲਈ ਪੀਸੀਬੀ ਚੇਅਰਮੈਨ ਮੋਹਸਿਨ ਨਕਵੀ ਨੂੰ ਅਧਿਕਾਰਤ ਤੌਰ 'ਤੇ ਬੁਲਾਇਆ ਸੀ, ਪਰ ਪਾਕਿਸਤਾਨ ਸਰਕਾਰ 'ਚ ਮੰਤਰੀ ਹੋਣ ਕਾਰਨ ਉਹ ਦੁਬਈ ਨਹੀਂ ਆ ਸਕੇ।
ਉੱਥੇ ਹੀ, ਪੀਸੀਬੀ ਦੇ ਸੀਈਓ ਸੁਮੈਰ ਅਹਿਮਦ ਦੁਬਈ 'ਚ ਸਨ ਪਰ ਕਲੋਜ਼ਿੰਗ ਸੈਰਾਮਨੀ ਦੌਰਾਨ ਨਜ਼ਰ ਨਹੀਂ ਆਏ। ਸੁਮੈਰ ਅਹਿਮਦ ਇਸ ਵਾਰ ਚੈਂਪੀਅਨਜ਼ ਟ੍ਰਾਫੀ ਪ੍ਰੋਗਰਾਮ ਦੇ ਡਾਇਰੈਕਟਰ ਵੀ ਸਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸੁਮੈਰ ਨੂੰ ਸਟੇਜ 'ਤੇ ਬੁਲਾਇਆ ਨਹੀਂ ਗਿਆ।
ਹੁਣ ਆਈਸੀਸੀ ਦੇ ਬੁਲਾਰੇ ਦਾ ਸਾਫ਼ ਕਹਿਣਾ ਹੈ ਕਿ ਮੋਹਸਿਨ ਨਕਵੀ ਨੂੰ ਬੁਲਾਇਆ ਗਿਆ ਸੀ, ਪਰ ਉਹ ਦੁਬਈ ਆਉਣ ਲਈ ਉਪਲਬਧ ਨਹੀਂ ਸਨ। ਇਸ ਹਾਲਤ 'ਚ ਪੀਸੀਬੀ ਨੂੰ ਆਪਣੇ ਕਿਸੇ ਹੋਰ ਅਧਿਕਾਰੀ ਨੂੰ ਕਲੋਜ਼ਿੰਗ ਸਮਾਰੋਹ ਲਈ ਭੇਜਣਾ ਚਾਹੀਦਾ ਸੀ, ਜੋ ਉਨ੍ਹਾਂ ਨਹੀਂ ਕੀਤਾ।
ਪਾਕਿਸਤਾਨ 'ਚ ਭੜਕਿਆ ਗੁੱਸਾ, ਹੁਣ ਆਈਸੀਸੀ ਕੋਲ ਕਰਨਗੇ ਸ਼ਿਕਾਇਤ
ਹੁਣ ਇਸ ਮਸਲੇ 'ਤੇ ਪਾਕਿਸਤਾਨ 'ਚ ਗੁੱਸਾ ਹੈ। ਸ਼ੋਏਬ ਅਖ਼ਤਰ ਵਰਗੇ ਕਈ ਸਾਬਕਾ ਖਿਡਾਰੀਆਂ ਨੇ ਸਵਾਲ ਉਠਾਏ ਹਨ। ਪੀਸੀਬੀ ਤੋਂ ਖ਼ਬਰ ਹੈ ਕਿ ਹੁਣ ਉਹ ਇਸ ਮਸਲੇ 'ਤੇ ਆਈਸੀਸੀ ਦੇ ਸਾਹਮਣੇ ਆਵੇਗਾ। ਲੋਕਾਂ ਦਾ ਕਹਿਣਾ ਹੈ ਕਿ ਇਹ ਪਾਕਿਸਤਾਨ ਦੀ ਇਕ ਹੋਰ ਬੇਇਜ਼ਤੀ ਹੈ।
ਪ੍ਰੇਜ਼ੈਂਟੇਸ਼ਨ 'ਚ ਨਜ਼ਰ ਆਇਆ ਭਾਰਤ ਦਾ ਦਬਦਬਾ
ਚੈਂਪੀਅਨਜ਼ ਟ੍ਰਾਫੀ ਪ੍ਰੇਜ਼ੈਂਟੇਸ਼ਨ 'ਚ ਭਾਰਤ ਅਤੇ ਬੀਸੀਸੀਆਈ ਦਾ ਦਬਦਬਾ ਨਜ਼ਰ ਆਇਆ। ਸਟੇਜ 'ਤੇ ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਤੇ ਸਕੱਤਰ ਦੇਵਜੀਤ ਸੈਕੀਆ ਸਨ, ਜਿਨ੍ਹਾਂ ਨੇ ਖਿਡਾਰੀਆਂ ਨੂੰ ਤਮਗੇ ਤੇ ਜੈਕਟਾਂ ਪ੍ਰਦਾਨ ਕੀਤੀਆਂ, ਜਦਕਿ ਆਈਸੀਸੀ ਦੇ ਪ੍ਰਧਾਨ ਜੈ ਸ਼ਾਹ ਨੇ ਰੋਹਿਤ ਸ਼ਰਮਾ ਨੂੰ ਟ੍ਰਾਫੀ ਸੌਂਪੀ।





Comments