Sunita Williams ਦੀ ਧਰਤੀ ’ਤੇ ਵਾਪਸੀ ’ਚ ਹੋਰ ਦੇਰੀ, ਨਾਸਾ ਨੇ ਧਰਤੀ ’ਤੇ ਵਾਪਸੀ ’ਚ ਦੇਰੀ ਹੋਣ ਦਾ ਕੀਤਾ ਐਲਾਨ
- bhagattanya93
- Dec 19, 2024
- 1 min read
19/12/2024

ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈਐੱਸਐੱਸ) ’ਤੇ ਛੇ ਮਹੀਨੇ ਤੋਂ ਵੱਧ ਸਮੇਂ ਤੋਂ ਫਸੇ ਨਾਸਾ ਦੇ ਦੋ ਪੁਲਾੜ ਯਾਤਰੀਆਂ ਦੀ ਧਰਤੀ ’ਤੇ ਵਾਪਸੀ ’ਚ ਹੋਰ ਦੇਰੀ ਹੋਣ ਜਾ ਰਹੀ ਹੈ। ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਸ਼ੁਰੂ ’ਚ ਸਿਰਫ਼ ਅੱਠ ਦਿਨਾਂ ਦੇ ਮਿਸ਼ਨ ’ਤੇ ਆਈਐੱਸਐੱਸ ਰਵਾਨਾ ਹੋਏ ਸਨ। ਉਨ੍ਹਾਂ ਦੇ ਨਾਲ ਪੁਲਾੜ ਯਾਤਰੀ ਬੁੱਚ ਵਿਲਮੋਰ ਵੀ ਹਨ ਪਰ ਉਨ੍ਹਾਂ ਦੀ ਵਾਪਸੀ ਦੀ ਤਰੀਕ ਅੱਗੇ ਵਧਦੀ ਜਾ ਰਹੀ ਹੈ। ਉਨ੍ਹਾਂ ਦੀ ਯਾਤਰਾ ਅੱਠ ਦਿਨਾਂ ਤੋਂ ਅੱਠ ਮਹੀਨੇ ਤੇ ਹੁਣ ਦਸ ਮਹੀਨੇ ਦੀ ਹੋਣ ਜਾ ਰਹੀ ਹੈ।
ਨਾਸਾ ਨੇ ਮੰਗਲਵਾਰ ਨੂੰ ਸੁਨੀਤਾ ਵਿਲੀਅਮਸ ਤੇ ਬੁੱਚ ਵਿਲਮੋਰ ਦੀ ਧਰਤੀ ’ਤੇ ਵਾਪਸੀ ’ਚ ਦੇਰੀ ਹੋਣ ਦਾ ਐਲਾਨ ਕੀਤਾ। ਦੋਵੇਂ ਪੁਲਾੜ ਯਾਤਰੀ ਪੰਜ ਜੂਨ ਨੂੰ ਬੋਇੰਗ ਦੇ ਪੁਲਾੜ ਯਾਨ ਸਟਾਰਲਾਈਨਰ ਰਾਹੀਂ ਆਈਐੱਸਐੱਸ ਪਹੁੰਚੇ ਸਨ ਪਰ ਨਾਸਾ ਨੇ ਬਾਅਦ ’ਚ ਸਟਾਰਲਾਈਨਲ ਨੂੰ ਮਾਨਵ ਯਾਤਰਾ ਲਈ ਦਰੁਸਤ ਨਾ ਹੋਣਾ ਐਲਾਨ ਦਿੱਤਾ ਸੀ, ਜਿਸ ਤੋਂ ਬਾਅਦ ਉਹ ਖਾਲੀ ਧਰਤੀ ’ਤੇ ਪਰਤ ਆਇਆ ਸੀ। ਇਸ ਤੋਂ ਬਾਅਦ ਫਰਵਰੀ ’ਚ ਸਪੇਸਐਕਸ ਦੇ ਕੈਪਸੂਲ ਰਾਹੀਂ ਧਰਤੀ ’ਤੇ ਪਰਤਣ ਦੀ ਜਾਣਕਾਰੀ ਸਾਹਮਣੇ ਆਈ ਸੀ ਪਰ ਹੁਣ ਮਾਰਚ ਦੇ ਅਖ਼ੀਰ ਜਾਂ ਫਿਰ ਅਪ੍ਰੈਲ ਤੱਕ ਉਨ੍ਹਾਂ ਦੇ ਧਰਤੀ ’ਤੇ ਪਰਤਣ ਦੀ ਸੰਭਾਵਨਾ ਹੈ। ਨਾਸਾ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਵਾਲੇ ਪੁਲਾੜ ਯਾਨ ਦੀ ਲਾਂਚਿੰਗ ’ਚ ਦੇਰੀ ਹੋਣ ਦੀ ਜਾਣਕਾਰੀ ਦਿੱਤੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਕ, ਪੁਲਾੜ ਸਟੇਸ਼ਨ ਤੋਂ ਵਿਲੀਅਮਸ ਤੇ ਵਿਲਮੋਰ ਨੂੰ ਲਿਆਉਣ ਲਈ ਉੱਥੇ ਨਵੇਂ ਪੁਲਾੜ ਯਾਤਰੀਆਂ ਨੂੰ ਭੇਜਣ ਦੀ ਲੋੜ ਹੁੰਦੀ ਹੈ। ਅਗਲੇ ਮਿਸ਼ਨ ਦੀ ਲਾਂਚਿੰਗ ਨੂੰ ਅੱਗੇ ਵਧਾ ਦਿੱਤਾ ਗਿਆ ਹੈ।





Comments