ਆਨਲਾਈਨ ਗੇਮਿੰਗ ਠੱਗੀ ਗਿਰੋਹ ਦਾ ਪਰਦਾਫਾਸ਼, 8 ਮੁਲਜ਼ਮ ਕਾਬੂ; 18 ਕਰੋੜ ਰੁਪਏ ਦੀ ਠੱਗੀ ਦਾ ਹੈ ਮਾਮਲਾ
- bhagattanya93
- 5 hours ago
- 2 min read
18/07/2025

ਐੱਸਏਐੱਸ ਨਗਰ ਦੀ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਇਕ ਵੱਡੇ ਠੱਗੀ ਰੈਕਟ ਦਾ ਪਰਦਾਫਾਸ਼ ਕਰਦਿਆਂ ਆਨਲਾਈਨ ਗੇਮਿੰਗ ਐੱਪ ਰਾਹੀਂ ਲੋਕਾਂ ਨੂੰ ਵੱਡਾ ਮੁਨਾਫ਼ਾ ਕਮਾਉਣ ਦੇ ਲਾਲਚ 'ਚ ਠੱਗਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ ਜੋਕਿ ਇਹ ਗਰੋਹ ਭਾਰਤ ਭਰ ਦੇ ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਰੀਬ 18 ਕਰੋੜ ਰੁਪਏ ਦੀ ਠੱਗੀ ਕਰ ਚੁੱਕਾ ਸੀ। ਐੱਸਐੱਸਪੀ ਹਰਮਨਦੀਪ ਹਾਂਸ ਨੇ ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਡੀਐੱਸਪੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਇਕ ਵੱਡੇ ਠੱਗੀ ਰੈਕਟ ਦਾ ਪਰਦਾਫਾਸ਼ ਕਰਦਿਆਂ ਆਨਲਾਈਨ ਗੇਮਿੰਗ ਐੱਪ ਰਾਹੀਂ ਲੋਕਾਂ ਨੂੰ ਵੱਡਾ ਮੁਨਾਫ਼ਾ ਕਮਾਉਣ ਦੇ ਲਾਲਚ 'ਚ ਠੱਗਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਉਕਤ ਗਿਰੋਹ ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਰੀਬ 18 ਕਰੋੜ ਰੁਪਏ ਦੀ ਠੱਗੀ ਕਰ ਚੁੱਕਾ ਸੀ।

ਉਨ੍ਹਾਂ ਦੱਸਿਆ ਕਿ ਸਾਈਬਰ ਪੁਲਿਸ ਨੇ ਖੁਫ਼ੀਆ ਸੂਚਨਾ ਮਿਲਣ 'ਤੇ ਖਰੜ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਇਲਾਕਿਆਂ (ਕੋਈਆਨ ਸਿਟੀ ਹੋਮਜ਼ ਗਿਲਕੋ ਵੈਲੀ, ਰੋਇਲ ਅਪਾਰਟਮੈਂਟ) 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੁਲਜ਼ਮਾਂ ਕੋਲੋਂ 5 ਲੈਪਟਾਪ, 51 ਮੋਬਾਇਲ ਫੋਨ, 70 ਸਿਮ ਕਾਰਡ, 127 ਬੈਂਕ ਏਟੀਐੱਮ ਕਾਰਡ, 2,50,000 ਨਕਦ ਰਕਮ ਬਰਾਮਦ ਕੀਤੀ ਗਈ ਹੈ।

ਠੱਗੀ ਦੀ ਵਿਧੀ
ਐੱਸਐੱਸਪੀ ਹਰਮਨਦੀਪ ਹਾਂਸ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਇਕ ਵੈੱਬਸਾਈਟ ਰਾਹੀਂ ਆਨਲਾਈਨ ਗੇਮ ਖੇਡਣ ਅਤੇ ਵੱਡਾ ਮੁਨਾਫ਼ਾ ਜਿੱਤਣ ਦੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਲੁਭਾਇਆ ਜਾਂਦਾ ਸੀ। ਪਹਿਲਾਂ ਲੋਕਾਂ ਨੂੰ ਵ੍ਹਟਸਐੱਪ ਰਾਹੀਂ ਜਾਅਲੀ ਡੈਮੋ ਵਿਖਾ ਕੇ ਆਈਡੀ ਬਣਾਉਣ ਲਈ ਲਾਲਚ ਦਿੱਤਾ ਜਾਂਦਾ ਸੀ। ਫਿਰ ਉਨ੍ਹਾਂ ਨੂੰ ਇਕ ਲਿੰਕ ਭੇਜ ਕੇ ਵੈੱਬਸਾਈਟ 'ਤੇ ਲਾਗਇਨ ਕਰਵਾ ਕੇ ਵੱਖ-ਵੱਖ ਖਾਤਿਆਂ ਰਾਹੀਂ ਵੱਡੀਆਂ ਰਕਮਾਂ ਟਰਾਂਸਫਰ ਕਰਵਾਈਆਂ ਜਾਂਦੀਆਂ ਸਨ। ਇਹ ਗਰੋਹ ਖਰੜ ਵਿਚ ਦੋ ਅਲੱਗ-ਅਲੱਗ ਠਿਕਾਣਿਆਂ ਤੋਂ ਉਕਤ ਠੱਗੀ ਦਾ ਧੰਦਾ ਚਲਾ ਰਿਹਾ ਸੀ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਰੋਹ ਦਾ ਮਾਸਟਰਮਾਈਂਡ "ਵਿਜੈ" ਨਾਂ ਦਾ ਵਿਅਕਤੀ ਹੈ, ਜੋ ਅਜੇ ਫ਼ਰਾਰ ਹੈ ਅਤੇ ਜਿਸ ਦੀ ਗ੍ਰਿਫ਼ਤਾਰੀ ਲਈ ਭਾਲ ਜਾਰੀ ਹੈ।
ਐੱਸਐੱਸਪੀ ਅਨੁਸਾਰ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਪੰਕਜ ਗੋਸਵਾਮੀ, ਵਾਸੀ ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ, ਤੈਵਨ ਕੁਮਾਰ ਉਲੀਕੇ ਵਾਸੀ ਨਾਗਪੁਰ, ਮਹਾਰਾਸ਼ਟਰ, ਗੁਰਪ੍ਰੀਤ ਸਿੰਘ, ਵਾਸੀ ਹਨੂਮਾਨਗੜ੍ਹ, ਰਾਜਸਥਾਨ, ਮਨਜੀਤ ਸਿੰਘ ਵਾਸੀ ਟਿੱਬੀ, ਰਾਜਸਥਾਨ, ਨਿਖੀਲ ਕੁਮਾਰ, ਵਾਸੀ ਜੈਨਪੁਰ, ਬਿਹਾਰ, ਅਜੈ, ਵਾਸੀ ਟਿੱਬੀ, ਰਾਜਸਥਾਨ, ਹਰਸ਼ ਕੁਮਾਰ, ਵਾਸੀ ਮੱਧ ਪ੍ਰਦੇਸ਼,ਰਿਤੇਸ਼ ਮਾਝੀ, ਵਾਸੀ ਸੁਭਾਸ਼ ਚੌਕ, ਮੱਧ ਪ੍ਰਦੇਸ਼ ਵਜੋਂ ਹੋਈ ਹੈ। ਸਾਈਬਰ ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਅਜਿਹੀਆਂ ਝੂਠੀਆਂ ਵੈੱਬਸਾਈਟਾਂ ਤੋਂ ਸਾਵਧਾਨ ਰਹਿਣ ਅਤੇ ਆਨਲਾਈਨ ਗੇਮ ਜਾਂ ਨਿਵੇਸ਼ ਸਬੰਧੀ ਕਿਸੇ ਵੀ ਸੰਦਰਭ ਵਿਚ ਪੂਰੀ ਜਾਂਚ/ਪੁਸ਼ਟੀ ਤੋਂ ਬਿਨ੍ਹਾਂ ਆਪਣੀ ਵਿੱਤੀ ਜਾਂ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਦੌਰਾਨ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
Comments