SAD ਦਿੱਲੀ ਨੇ ਕੀਤੀ ਤਿੰਨ ਸਾਬਕਾ ਪ੍ਰਧਾਨਾਂ ਖ਼ਿਲਾਫ਼ ਸ਼ਿਕਾਇਤ;DSGMC ’ਚ ਮੈਂਬਰਸ਼ਿਪ ਰੱਦ ਕਰਵਾਉਣ ਤੇ ਬਚਾਉਣ ਦੀ ਲੜਾਈ
- bhagattanya93
- Nov 5, 2023
- 2 min read
Ludhiana 3 Nov

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ’ਚ ਇਨ੍ਹੀਂ ਦਿਨੀਂ ਮੈਂਬਰਸ਼ਿਪ ਰੱਦ ਕਰਵਾਉਣ ਤੇ ਬਚਾਉਣ ਦੀ ਲੜਾਈ ਚੱਲ ਰਹੀ ਹੈ। ਇਸ ਸੰਸਥਾ ’ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਮੈਂਬਰਾਂ ਨੇ ਡੀਐੱਸਜੀਐੱਮਸੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਵਿਰੁੱਧ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕੀਤੀ ਹੈ। ਦੋਸ਼ ਲਾਇਆ ਗਿਆ ਹੈ ਕਿ ਪ੍ਰਧਾਨ ਰਹਿੰਦਿਆਂ ਤਿੰਨਾਂ ਨੇ ਗੁਰਦੁਆਰਾ ਐਕਟ ਦੀ ਉਲੰਘਣਾ ਕਰ ਕੇ ਪਰਿਵਾਰਕ ਮੈਂਬਰਾਂ ਦੀ ਕੰਪਨੀ ਨੂੰ ਡੀਐੱਸਜੀਐੱਮਸੀ ਲਈ ਖ਼ਰੀਦਦਾਰੀ ਕਰ ਕੇ ਭੁਗਤਾਨ ਕੀਤਾ ਹੈ। ਇਸ ਆਧਾਰ ’ਤੇ ਇਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਗੁਰਦੁਆਰਾ ਡਾਇਰੈਕਟੋਰੇਟ ਨੇ ਤਿੰਨਾਂ ਸਾਬਕਾ ਪ੍ਰਧਾਨਾਂ ਤੋਂ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ’ਤੇ ਜਵਾਬ ਮੰਗਿਆ ਹੈ।

ਗੁਰਦੁਆਰਾ ਸਿੰਘ ਸਭਾ ਤੋਂ ਚੁਣੇ ਗਏ ਦੋ ਮੈਂਬਰਾਂ, ਨਾਮਜ਼ਦ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਆਗੂ ਰਣਜੀਤ ਕੌਰ ਦੀ ਮੈਂਬਰਸ਼ਿਪ ਨੂੰ ਵੀ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰੇ ਸਰਨਾ ਤੇ ਜੀਕੇ ਧੜੇ ਨਾਲ ਸਬੰਧਤ ਹਨ। ਦਰਅਸਲ, ਕਾਰਜਕਾਰਨੀ ਚੋਣਾਂ ਦੇ ਨੇੜੇ ਆਉਂਦੇ ਹੀ ਡੀਐੱਸਜੀਐੱਮਸੀ ’ਚ ਲੜਾਈ ਤੇਜ਼ ਹੋ ਗਈ ਹੈ। ਪੁਰਾਣੇ ਮਾਮਲੇ ਚੁੱਕੇ ਜਾ ਰਹੇ ਹਨ।ਸਾਲ 2021 ’ਚ ਐੱਸਜੀਪੀਸੀ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਡੀਐੱਸਜੀਐੱਮਸੀ ਦਾ ਮੈਂਬਰ ਨਾਮਜ਼ਦ ਕੀਤਾ ਸੀ ਪਰ ਸਰਨਾ ਦੀ ਸ਼ਿਕਾਇਤ ’ਤੇ ਮੌਕੇ ਦੇ ਗੁਰਦੁਆਰਾ ਡਾਇਰੈਕਟਰ ਨਰਿੰਦਰ ਸਿੰਘ ਨੇ ਗੁਰਮੁਖੀ ਨਾ ਆਉਣ ਨੂੰ ਆਧਾਰ ਬਣਾ ਕੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ। ਬਾਅਦ ਵਿਚ ਉਨ੍ਹਾਂ ਦੀ ਜਗ੍ਹਾ ਧਾਮੀ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਸਿਰਸਾ ਨੇ ਡਾਇਰੈਕਟਰ ’ਤੇ ਗ਼ਲਤ ਫ਼ੈਸਲਾ ਦੇਣ ਦਾ ਦੋਸ਼ ਲਗਾਉਂਦਿਆਂ ਉਪ ਰਾਜਪਾਲ ਕੋਲ ਸ਼ਿਕਾਇਤ ਕਰ ਕੇ ਮੈਂਬਰਸ਼ਿਪ ਬਹਾਲ ਕਰਨ ਦੀ ਮੰਗ ਕੀਤੀ ਸੀ ਜਿਸ ਦੀ ਜਾਂਚ ਸ਼ੁਰੂ ਹੋ ਗਈ ਹੈ।

ਉਥੇ ਗੁਰਦੁਆਰਾ ਸਿੰਘ ਸਭਾ ਪ੍ਰਧਾਨਾਂ ’ਚੋਂ ਲਾਟਰੀ ਰਾਹੀਂ ਚੁਣੇ ਗਏ ਮਹਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਦਾਰਾ ਨੂੰ ਲੈ ਕੇ ਵੀ ਵਿਵਾਦ ਹੈ ਜਿਸ ਦੀ ਜਾਂਚ ਚੱਲ ਰਹੀ ਹੈ। ਅਦਾਲਤ ਵਿਚ ਵੀ ਇਹ ਮਾਮਲਾ ਲੰਬਿਤ ਹੈ। ਰਣਜੀਤ ਕੌਰ ਦੀ ਮੈਂਬਰਸ਼ਿਪ ਦਾ ਮਾਮਲਾ ਵੀ ਅਦਾਲਤ ’ਚ ਵਿਚਾਰ ਅਧੀਨ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾ ਦਾਅਵਾ ਹੈ ਕਿ ਸਿਰਸਾ ਦੀ ਮੈਂਬਰਸ਼ਿਪ ਬਹਾਲ ਹੋਣ ਦੇ ਨਾਲ ਗ਼ਲਤ ਤਰੀਕੇ ਨਾਲ ਚੁਣੇ ਗਏ ਹੋਰਨਾਂ ਲੋਕਾਂ ਦੀ ਮੈਂਬਰਸ਼ਿਪ ਰੱਦ ਹੋਵੇਗੀ, ਉਥੇ ਸਰਨਾ ਤੇ ਜੀਕੇ ਤੇ ਉਨ੍ਹਾਂ ਵੱਲੋਂ ਫ਼ਰਜ਼ੀ ਸ਼ਿਕਾਇਤ ਕਰ ਕੇ ਕਮੇਟੀ ਦੇ ਮੈਂਬਰਾਂ ਨੂੰ ਭਰਮਾਇਆ ਜਾ ਰਿਹਾ ਹੈ।





Comments