google-site-verification=ILda1dC6H-W6AIvmbNGGfu4HX55pqigU6f5bwsHOTeM
top of page

ਕੀ Ghibli ਤੁਹਾਡਾ ਚਿਹਰਾ ਚੋਰੀ ਕਰ ਰਿਹਾ ਹੈ? ਜਾਣੋ ਕੌਣ ਤੁਹਾਡੇ ਚਿਹਰੇ ਤੋਂ ਪੈਸੇ ਕਮਾ ਰਿਹਾ ਹੈ ?

  • bhagattanya93
  • Mar 30
  • 3 min read

30/03/2025

ਅੱਜਕਲ੍ਹ ਸੋਸ਼ਲ ਮੀਡੀਆ 'ਤੇ OpenAI ਦੇ ChatGPT 4o ਦੀ ਮਦਦ ਨਾਲ ਘਿਬਲੀ ਸਟਾਈਲ 'ਚ ਬਣਾਈਆਂ ਗਈਆਂ ਤਸਵੀਰਾਂ ਦੀ ਬਹਾਰ ਆ ਗਈ ਹੈ। ਫੇਸਬੁੱਕ, ਇੰਸਟਾਗ੍ਰਾਮ ਜਾਂ ਐਕਸ, ਹਰ ਜਗ੍ਹਾ ਲੋਕ ਆਪਣੀਆਂ ਘਿਬਲੀ ਤਸਵੀਰਾਂ ਨੂੰ ਖੂਬ ਸਾਂਝਾ ਕਰ ਰਹੇ ਹਨ। ਲੋਕ ਘਿਬਲੀ ਸਟਾਈਲ 'ਚ ਤਸਵੀਰਾਂ ਬਣਵਾਉਣ ਲਈ ਨਾ ਸਿਰਫ ਆਪਣੀਆਂ ਤਸਵੀਰਾਂ AI ਨਾਲ ਸ਼ੇਅਰ ਕਰ ਰਹੇ ਹਨ, ਸਗੋਂ ਆਪਣੇ ਪਰਿਵਾਰ, ਇੱਥੋਂ ਤਕ ਕਿ ਛੋਟੇ ਬੱਚਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਨ। ਪਰ ਕੀ ਅਜਿਹਾ ਕਰਨ ਵਾਲੇ ਇਸ ਗੱਲ ਤੋਂ ਅਣਜਾਣ ਹਨ ਕਿ ਅਜਿਹਾ ਕਰ ਕੇ ਨਾ ਸਿਰਫ ਉਹ ਆਪਣੀਆਂ ਤਸਵੀਰਾਂ ਦਾ ਡੇਟਾ AI ਕੰਪਨੀਆਂ ਨਾਲ ਸਾਂਝਾ ਕਰ ਰਹੇ ਹਨ, ਸਗੋਂ ਅਣਜਾਣਪੁਣੇ 'ਚ ਆਪਣੀ ਫੇਸ਼ੀਅਲ ਰਿਕਾਗਨਿਸ਼ਨ ਵੀ ਉਨ੍ਹਾਂ ਨੂੰ ਸੌਂਪ ਰਹੇ ਹਨ।


ਮਈ 2024 'ਚ ਆਸਟ੍ਰੇਲਿਆਈ ਕੰਪਨੀ ਆਉਟਾਬਾਕਸ ਦਾ ਡਾਟਾ ਲੀਕ ਹੋਇਆ ਸੀ, ਜਿਸ ਵਿਚ 1.05 ਮਿਲੀਅਨ ਲੋਕਾਂ ਦੇ ਚਿਹਰੇ ਦੇ ਸਕੈਨ, ਡ੍ਰਾਈਵਿੰਗ ਲਾਇਸੈਂਸ ਤੇ ਪਤੇ ਚੋਰੀ ਕੀਤੇ ਗਏ ਸਨ। ਇਸ ਡਾਟਾ ਨੂੰ 'ਹੈਵ ਆਈ ਬੀਨ ਆਉਟਾਬਾਕਸਡ' ਨਾਂ ਦੀ ਸਾਈਟ 'ਤੇ ਪੋਸਟ ਕੀਤਾ ਗਿਆ ਸੀ। ਪੀੜਤਾਂ ਨੇ ਗਲਤ ਪਛਾਣ, ਪਰੇਸ਼ਾਨੀ ਤੇ ਪਛਾਣ ਦੀ ਚੋਰੀ ਦੀ ਸ਼ਿਕਾਇਤ ਕੀਤੀ। ਦੁਕਾਨਾਂ 'ਚ ਚੋਰੀ ਰੋਕਣ ਲਈ ਵਰਤੇ ਜਾਣ ਵਾਲੇ FRT ਸਿਸਟਮ ਵੀ ਹੈਕਰਾਂ ਦੇ ਨਿਸ਼ਾਨੇ 'ਤੇ ਹਨ। ਚੋਰੀ ਹੋਣ ਦੇ ਬਾਅਦ, ਇਸ ਡਾਟਾ ਨੂੰ ਬਲੈਕ ਮਾਰਕੀਟ 'ਚ ਵੇਚ ਦਿੱਤਾ ਜਾਂਦਾ ਹੈ, ਜਿਸ ਨਾਲ ਸਿੰਥੇਟਿਕ ਆਈਡੈਂਟੀਟੀ ਫਰੌਡ ਜਾਂ ਡੀਪਫੇਕ ਬਣਾਉਣ ਜਿਹੇ ਘੁਟਾਲੇ ਹੁੰਦੇ ਹਨ।


ਹਰ ਰੋਜ਼ ਚੁਰਾਇਆ ਜਾ ਰਿਹਾ ਤੁਹਾਡਾ ਚਿਹਰਾ

ਅਜਿਹਾ ਨਹੀਂ ਹੈ ਕਿ ਅਸੀਂ ਸਿਰਫ਼ ਘਿਬਲੀ ਕਾਰਨ ਹੀ ਆਪਣਾ ਫੇਸ਼ੀਅਲ ਰਿਕਾਗਨਿਸ਼ਨ AI ਕੰਪਨੀਆਂ ਨੂੰ ਸੌਂਪ ਰਹੇ ਹਾਂ। ਦਰਅਸਲ, ਅਸੀਂ ਹਰ ਰੋਜ਼ ਆਪਣੀਆਂ ਤਸਵੀਰਾਂ AI ਕੰਪਨੀਆਂ ਨੂੰ ਦੇ ਰਹੇ ਹਾਂ। ਫਿਰ ਚਾਹੇ ਫੋਨ ਅਨਲੌਕ ਕਰਨਾ ਹੋਵੇ, ਸੋਸ਼ਲ ਮੀਡੀਆ 'ਤੇ ਟੈਗ ਕਰਨਾ ਹੋਵੇ ਜਾਂ ਕੋਈ ਸਰਵਿਸ ਇਸਤੇਮਾਲ ਕਰਨੀ ਹੋਵੇ। ਇਸਨੂੰ ਇਸ ਤਰ੍ਹਾਂ ਸਮਝੋ, ਜਦੋਂ ਅਸੀਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕਰਦੇ ਹਾਂ ਜਾਂ ਐਪਸ ਨੂੰ ਕੈਮਰਾ ਅਸੈੱਸ ਦਿੰਦੇ ਹਾਂ ਤਾਂ ਅਕਸਰ ਅਸੀਂ ਇਸਦੇ ਖਤਰੇ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਨਤੀਜਾ ਇਹ ਹੁੰਦਾ ਹੈ ਕਿ AI ਕੰਪਨੀਆਂ ਸਾਡੇ ਚਿਹਰੇ ਦੇ ਵਿਲੱਖਣ ਆਯਾਮਾਂ ਨੂੰ ਸਕੈਨ ਕਰ ਕੇ ਸਟੋਰ ਕਰ ਲੈਂਦੀਆਂ ਹਨ। ਇਹ ਡਾਟਾ ਪਾਸਵਰਡ ਜਾਂ ਕ੍ਰੈਡਿਟ ਕਾਰਡ ਨੰਬਰ ਤੋਂ ਵੀ ਜ਼ਿਆਦਾ ਖਤਰਨਾਕ ਹੈ ਕਿਉਂਕਿ ਤੁਸੀਂ ਇਨ੍ਹਾਂ ਨੂੰ ਤਾਂ ਬਦਲ ਸਕਦੇ ਹੋ, ਪਰ ਜੇ ਤੁਹਾਡਾ ਚਿਹਰਾ ਚੋਰੀ ਹੋ ਜਾਵੇ ਤਾਂ ਇਸਨੂੰ ਨਹੀਂ ਬਦਲ ਸਕਦੇ।


3 ਬਿਲੀਅਨ ਤਸਵੀਰਾਂ ਚੋਰੀ ਕਰ ਕੇ ਤਿਆਰ ਕੀਤਾ ਡਾਟਾਬੇਸ

ਭਾਰਤੀਆਂ ਨਾਲ ਇਕ ਸਮੱਸਿਆ ਇਹ ਹੈ ਕਿ ਉਨ੍ਹਾਂ ਦੀ ਹਰ ਚੀਜ਼ ਨੂੰ ਹਲਕੇ 'ਚ ਲੈਣ ਦੀ ਆਦਤ ਹੈ। ਇਹੀ ਕਾਰਨ ਹੈ ਕਿ ਅਸੀਂ ਪਿਛਲੇ ਸਮੇਂ 'ਚ ਕਈ ਐਸੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜੋ ਸਾਨੂੰ ਚਿਤਾਵਨੀ ਦੇ ਰਹੀਆਂ ਸਨ ਕਿ ਸਾਨੂੰ ਅਜਿਹੇ ਖਤਰਨਾਕ ਹਾਲਾਤ ਤੋਂ ਬਚਣਾ ਚਾਹੀਦਾ ਹੈ। ਕਲੀਅਰਵਿਊ ਏਆਈ ਵਿਵਾਦ ਐਸੀ ਹੀ ਇਕ ਘਟਨਾ ਸੀ। ਦਰਅਸਲ, ਕਲਿਅਰਵਿਊ ਏਆਈ 'ਤੇ ਦੋਸ਼ ਲੱਗਾ ਸੀ ਕਿ ਇਸਨੇ ਬਿਨਾਂ ਇਜਾਜ਼ਤ ਦੇ ਸੋਸ਼ਲ ਮੀਡੀਆ, ਨਿਊਜ਼ ਸਾਈਟਾਂ ਤੇ ਪਬਲਿਕ ਰਿਕਾਰਡ ਤੋਂ 3 ਬਿਲੀਅਨ ਤਸਵੀਰਾਂ ਚੋਰੀ ਕਰ ਕੇ ਡਾਟਾਬੇਸ ਤਿਆਰ ਕੀਤਾ ਤੇ ਇਸਨੂੰ ਪੁਲਿਸ ਅਤੇ ਨਿੱਜੀ ਕੰਪਨੀਆਂ ਨੂੰ ਵੇਚ ਦਿੱਤਾ।


ਕੌਣ ਕਮਾ ਰਿਹਾ ਹੈ ਤੁਹਾਡੇ ਚਿਹਰੇ ਤੋਂ ਪੈਸਾ ?

2021 'ਚ ਫੇਸ਼ੀਅਲ ਰਿਕਾਗਨਿਸ਼ਨ ਟੈਕਨੋਲੋਜੀ (FRT) ਦਾ ਬਾਜ਼ਾਰ 5.01 ਬਿਲੀਅਨ ਡਾਲਰ ਸੀ, ਜੋ 2028 ਤਕ 12.67 ਬਿਲੀਅਨ ਡਾਲਰ ਤਕ ਪਹੁੰਚਣ ਦਾ ਅੰਦਾਜ਼ਾ ਹੈ। ਮੈਟਾ ਤੇ ਗੂਗਲ ਵਰਗੀਆਂ ਕੰਪਨੀਆਂ 'ਤੇ ਦੋਸ਼ ਹੈ ਕਿ ਉਹ ਆਪਣੇ AI ਮਾਡਲ ਨੂੰ ਯੂਜ਼ਰਜ਼ ਦੀਆਂ ਤਸਵੀਰਾਂ ਦਾ ਇਸਤੇਮਾਲ ਕਰ ਕੇ ਟ੍ਰੇਨਿੰਗ ਦਿੰਦੀਆਂ ਹਨ, ਪਰ ਉਹ ਇਸ ਜਾਣਕਾਰੀ ਨੂੰ ਸਾਂਝਾ ਨਹੀਂ ਕਰਦੀਆਂ। PimEyes ਵਰਗੀਆਂ ਸਾਈਟਾਂ ਕਿਸੇ ਨੂੰ ਵੀ ਉਨ੍ਹਾਂ ਦੀ ਤਸਵੀਰ ਦਾ ਇਸਤੇਮਾਲ ਕਰ ਕੇ ਆਨਲਾਈਨ ਸਰਚ ਦੀ ਇਜਾਜ਼ਤ ਦਿੰਦੀਆਂ ਹਨ, ਜਿਸ ਨਾਲ ਸਟਾਕਿੰਗ ਦਾ ਖ਼ਤਰਾ ਵਧ ਜਾਂਦਾ ਹੈ।


ਸੋਸ਼ਲ ਮੀਡੀਆ 'ਤੇ ਹਾਈ-ਰੇਜ਼ੋਲਿਊਸ਼ਨ ਤਸਵੀਰਾਂ ਅਪਲੋਡ ਕਰਨ ਤੋਂ ਬਚੋ

ਜੇ ਤੁਸੀਂ ਇਸ ਖਤਰੇ ਤੋਂ ਬਚਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਘਿਬਲ-ਘਿਬਲ ਬੰਦ ਕਰੋ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਹਾਈ-ਰੇਜ਼ੋਲੂਸ਼ਨ ਤਸਵੀਰਾਂ ਅਪਲੋਡ ਕਰਨ ਤੋਂ ਬਚੋ। ਫੇਸ ਅਨਲੌਕ ਦੀ ਥਾਂ ਪਿਨ ਜਾਂ ਪਾਸਵਰਡ ਦਾ ਇਸਤੇਮਾਲ ਕਰੋ। ਇਸ ਤੋਂ ਇਲਾਵਾ ਸਰਕਾਰ ਅਤੇ ਕੰਪਨੀਆਂ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਦੱਸਣ ਕਿ ਤੁਹਾਡੇ ਬਾਇਓਮੈਟ੍ਰਿਕ ਡਾਟਾ ਦਾ ਇਸਤੇਮਾਲ ਕਿਸ ਤਰ੍ਹਾਂ ਹੋ ਰਿਹਾ ਹੈ। ਹਾਲਾਂਕਿ ਇਹ ਸਿਰਫ਼ ਆਰਜ਼ੀ ਉਪਾਅ ਸਾਬਿਤ ਹੋਣਗੇ। ਅਸਲੀ ਬਦਲਾਅ ਉਦੋਂ ਆਵੇਗਾ ਜਦੋਂ ਸਰਕਾਰਾਂ ਫੇਸ਼ੀਅਲ ਰਿਕਾਗਨਿਸ਼ਨ ਟੈਕਨੋਲੋਜੀ ਦੇ ਗ਼ੈਰ-ਕਾਨੂੰਨੀ ਇਸਤੇਮਾਲ 'ਤੇ ਰੋਕ ਲਗਾਉਣਗੀਆਂ ਅਤੇ AI ਨੂੰ ਕੰਟਰੋਲ ਕਰਨ ਲਈ ਸਖਤ ਨਿਯਮ ਬਣਾਉਣਗੀਆਂ।

Comments


Logo-LudhianaPlusColorChange_edited.png
bottom of page