ਕੀ ਭਾਰਤ ਲਈ ਖ਼ਤਰਾ ਬਣੇਗਾ ਚੀਨ 'ਚ ਆਇਆ HMPV ? ਕੀ ਹੈ ਡਾਕਟਰਾਂ ਦੀ ਸਲਾਹ; ਪੜ੍ਹੋ ਅਜਿਹੇ ਹੀ ਸਾਰੇ ਸਵਾਲਾਂ ਦੇ ਜਵਾਬ
- bhagattanya93
- Jan 4, 2025
- 4 min read
04/01/2025

ਕੋਰੋਨਾ ਮਹਾਮਾਰੀ ਦੇ 5 ਸਾਲਾਂ ਬਾਅਦ ਇਕ ਵਾਰ ਫਿਰ ਚੀਨ (China Virus Outbreak) ਨੇ ਦੁਨੀਆ ਭਰ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਇੱਥੇ ਇਕ ਹੋਰ ਵਾਇਰਸ ਤਬਾਹੀ ਮਚਾ ਰਿਹਾ ਹੈ। ਇੱਥੇ ਲੋਕ ਹਿਊਮਨ ਮੈਟਾ ਨਿਉਮੋਵਾਇਰਸ (HMPV) ਨਾਮਕ ਵਾਇਰਸ ਦਾ ਤੇਜ਼ੀ ਨਾਲ ਸ਼ਿਕਾਰ ਹੋ ਰਹੇ ਹਨ, ਜਿਸ ਦੀ ਵਜ੍ਹਾ ਨਾਲ ਚੀਨ ਕਾਰਨ ਇਕ ਵਾਰ ਫਿਰ ਦੁਨੀਆ ਭਰ 'ਚ ਦਹਿਸ਼ਤ ਫੈਲ ਗਈ ਹੈ। ਹਾਲਾਂਕਿ, ਇਸ ਵਾਇਰਸ (HMPV Doctors Opinion) ਦੇ ਵਧਦੇ ਮਾਮਲਿਆਂ ਵਿਚਾਲੇ ਚੀਨ ਵੱਲੋਂ ਇਸ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ।
ਨਾਲ ਹੀ ਭਾਰਤ ਸਿਹਤ ਮੰਤਰਾਲੇ ਨੇ ਵੀ ਲੋਕਾਂ ਨੂੰ ਇਸ ਸਬੰਧੀ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ। ਅਜਿਹੇ 'ਚ ਅੱਜ ਇਸ ਆਰਟੀਕਲ 'ਚ ਅਸੀਂ ਜਾਣਾਂਗੇ ਇਸ ਵਾਇਰਸ ਨਾਲ ਜੁੜੇ ਉਨ੍ਹਾਂ ਸਾਰੇ ਸਵਾਲਾਂ ਬਾਰੇ, ਜਿਨ੍ਹਾਂ ਨੂੰ ਲੋਕ ਲਗਾਤਾਰ ਗੂਗਲ 'ਤੇ ਸਰਚ ਕਰ ਰਹੇ ਹਨ। ਅਸੀਂ ਇਹ ਵੀ ਜਾਣਾਂਗੇ ਕਿ ਚੀਨ ਸਰਕਾਰ ਦਾ ਇਸ ਬਾਰੇ ਕੀ ਕਹਿਣਾ ਹੈ ਤੇ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਬਾਰੇ ਕੀ ਗਾਈਡਲਾਈਨਜ਼ ਦਿੱਤੀਆਂ ਹਨ।
ਗੂਗਲ 'ਤੇ ਪੁੱਛੇ ਗਏ HMPV ਨਾਲ ਜੁੜੇ ਇਹ 6 ਸਵਾਲ
ਕੀ HMPV ਏਅਰਬੋਰਡ ਡਿਜ਼ੀਜ਼ ਹੈ?
ਹਾਂ, ਹਿਊਮਨ ਮੈਟਾਨਿਊਮੋਵਾਇਰਸ (HMPV) ਇਕ ਏਅਰਬੋਰਨ ਡਿਜ਼ੀਜ਼ ਹੈ। ਗੁਰੂਗ੍ਰਾਮ ਦੇ ਸੀਕੇ ਬਿਰਲਾ ਹਸਪਤਾਲ ਦੇ ਕ੍ਰਿਟੀਕਲ ਕੇਅਰ ਤੇ ਪਲਮੋਨੋਲੋਜੀ ਦੇ ਮੁਖੀ ਡਾ. ਕੁਲਦੀਪ ਕੁਮਾਰ ਗਰੋਵਰ ਨੇ ਦੱਸਿਆ ਕਿ ਇਹ ਆਮ ਤੌਰ 'ਤੇ ਖੰਘ ਜਾਂ ਛਿੱਕਣ ਨਾਲ ਰੈਸਪੀਰੇਟਰੀ ਡ੍ਰਾਪਲੇਟਸ ਰਾਹੀਂ ਹਵਾ ਜ਼ਰੀਏ ਫੈਲਦਾ ਹੈ। ਇਸ ਤੋਂ ਇਲਾਵਾ ਇਹ ਦੂਸ਼ਿਤ ਸਤ੍ਹਾ ਜਾਂ ਚੀਜ਼ਾਂ ਨੂੰ ਛੂਹਣ ਨਾਲ ਵੀ ਫੈਲਦਾ ਹੈ।
ਕੀ HMPV ਗੰਭੀਰ ਤੇ ਲਾਗ ਹੈ?
ਹਿਊਮਨ ਮੈਟਾਨਿਊਮੋਵਾਇਰਸ (HMPV) ਇਕ ਛੂਤ ਵਾਲੀ ਸਾਹ ਦੀ ਬਿਮਾਰੀ ਹੈ ਜੋ ਗੰਭੀਰ ਸਾਬਿਤ ਹੋ ਸਕਦੀ ਹੈ। ਦਰਅਸਲ, ਹਵਾ ਰਾਹੀਂ ਫੈਲਣ ਕਾਰਨ, ਇਹ ਤੇਜ਼ੀ ਨਾਲ ਫੈਲ ਸਕਦੀ ਹੈ ਜੋ ਇਸਨੂੰ ਬੇਹੱਦ ਛੂਤਕਾਰੀ ਬਣਾਉਂਦੀ ਹੈ। ਨਾਲ ਹੀ, ਫੇਫੜਿਆਂ 'ਤੇ ਇਸ ਦੇ ਪ੍ਰਭਾਵ ਕਾਰਨ ਇਹ ਗੰਭੀਰ ਰੂਪ ਲੈ ਸਕਦੀ ਹੈ।
ਕੀ HMPV ਆਮ ਜ਼ੁਕਾਮ ਹੈ?
HMPV ਅਕਸਰ ਜ਼ੁਕਾਮ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ, ਜਿਸ ਵਿਚ ਖੰਘ, ਬੁਖਾਰ, ਨੱਕ ਵਹਿਣਾ ਤੇ ਗਲੇ 'ਚ ਖਰਾਸ਼ ਸ਼ਾਮਲ ਹਨ। ਇਸ ਲਈ ਬਹੁਤ ਸਾਰੇ ਲੋਕ ਇਸਨੂੰ ਆਮ ਜ਼ੁਕਾਮ ਸਮਝਣ ਦੀ ਗ਼ਲਤੀ ਕਰ ਸਕਦੇ ਹਨ। ਹਾਲਾਂਕਿ, ਆਮ ਜ਼ੁਕਾਮ ਦੇ ਉਲਟ ਇਹ ਵਾਇਰਸ ਕਈ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
HMPV ਦਾ ਇਲਾਜ ਕੀ ਹੈ?
ਹਿਊਮਨ ਮੈਟਾਨਿਊਮੋਵਾਇਰਸ (HMPV) ਦਾ ਇਲਾਜ ਆਮ ਤੌਰ 'ਤੇ ਲੱਛਣਾਂ ਨੂੰ ਘਟਾਉਣ ਲਈ ਨੁਸਖ਼ੇ ਵਾਲੀਆਂ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਬਿਮਾਰੀ ਜਾਂ ਵਾਇਰਸ ਦਾ ਅਜੇ ਤਕ ਕੋਈ ਖਾਸ ਇਲਾਜ ਨਹੀਂ ਹੈ।
HMPV ਕਿੱਥੋਂ ਆਇਆ?
ਫਿਲਹਾਲ ਚੀਨ 'ਚ ਇਹ ਵਾਇਰਸ ਤੇਜ਼ੀ ਨਾਲ ਵਧ ਰਿਹਾ ਹੈ ਤੇ ਇੱਥੋਂ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ, ਇਸਦੀ ਪਛਾਣ ਪਹਿਲੀ ਵਾਰ 2001 ਵਿੱਚ ਨੀਦਰਲੈਂਡ ਵਿੱਚ ਕੀਤੀ ਗਈ ਸੀ।
ਕੀ ਤੁਹਾਨੂੰ ਦੁਬਾਰਾ HMPV ਹੋ ਸਕਦਾ ਹੈ?
ਜ਼ਿਆਦਾਤਰ ਲੋਕਾਂ ਨੂੰ 5 ਸਾਲ ਦੀ ਉਮਰ ਤੋਂ ਪਹਿਲਾਂ HMPV ਹੋ ਜਾਂਦਾ ਹੈ। ਹਾਲਾਂਕਿ, ਇਹ ਤੁਹਾਨੂੰ ਦੁਬਾਰਾ HMPV ਵੀ ਹੋ ਸਕਦਾ ਹੈ, ਪਰ ਪਹਿਲੀ ਲਾਗ ਤੋਂ ਬਾਅਦ ਲੱਛਣ ਆਮ ਤੌਰ 'ਤੇ ਹਲਕੇ ਹੁੰਦੇ ਹਨ।
ਮਨੁੱਖੀ ਮੈਟਾਨਿਊਮੋਵਾਇਰਸ ਨਾਲ ਸਬੰਧਤ ਜ਼ਰੂਰੀ ਸਵਾਲ
ਮਨੁੱਖੀ ਮੈਟਾਨਿਊਮੋਵਾਇਰਸ ਕੀ ਹੈ?
ਡਾ ਰੇਣੂ ਸੋਨੀ, ਐਮਡੀ (ਰੈਸਪੀਰੇਟਰੀ ਮੈਡੀਸਿਨ), ਸਲਾਹਕਾਰ ਪਲਮੋਨੋਲੋਜਿਸਟ, ਐਨਆਈਆਈਐਮਐਸ ਮੈਡੀਕਲ ਕਾਲਜ, ਗ੍ਰੇਟਰ ਨੋਇਡਾ ਨੇ ਕਿਹਾ ਕਿ ਹਿਊਮਨ ਮੈਟਾਨਿਊਮੋਵਾਇਰਸ (HMPV) ਇਕ ਸਾਹ ਸੰਬੰਧੀ ਵਾਇਰਸ ਹੈ ਜੋ ਮੁੱਖ ਤੌਰ 'ਤੇ ਫੇਫੜਿਆਂ ਅਤੇ ਸਾਹ ਨਾਲੀਆਂ ਨੂੰ ਪ੍ਰਭਾਵਿਤ ਕਰਦਾ ਹੈ। HMPV ਹਲਕੇ ਸਰਦੀ ਵਰਗੇ ਲੱਛਣਾਂ ਤੋਂ ਲੈ ਕੇ ਬ੍ਰੋਂਕਿਓਲਾਈਟਿਸ ਤੇ ਨਿਮੋਨੀਆ ਵਰਗੀ ਗੰਭੀਰ ਰੈਸਪੀਰੇਟਰੀ ਕੰਡੀਸ਼ਨ ਤਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਕਾਰਨ ਬਣ ਸਕਦਾ ਹੈ।
ਕਿਨ੍ਹਾਂ ਨੂੰ ਜ਼ਿਆਦਾ ਖਤਰਾ ਹੈ?
HMPV ਨਾਲ ਕੋਈ ਵੀ ਇਨਫੈਕਟਿਡ ਹੋ ਸਕਦਾ ਹੈ, ਪਰ ਇਹ ਵਾਇਰਸ ਬੱਚਿਆਂ, ਬਜ਼ੁਰਗਾਂ ਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ 'ਚ ਸਭ ਤੋਂ ਵੱਧ ਆਮ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉੱਚ ਜੋਖ਼ਮ ਵਾਲੇ ਸਮੂਹਾਂ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ, ਬਜ਼ੁਰਗ ਤੇ ਪਹਿਲਾਂ ਤੋਂ ਮੌਜੂਦ ਸਾਹ ਦੀਆਂ ਸਮੱਸਿਆਵਾਂ ਜਾਂ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਵਾਲੇ ਲੋਕ ਸ਼ਾਮਲ ਹਨ। ਭੀੜ-ਭੜੱਕੇ ਵਾਲੇ ਜਾਂ ਘੱਟ ਹਵਾਦਾਰ ਖੇਤਰਾਂ 'ਚ ਰਹਿਣ ਵਾਲੇ ਲੋਕ ਜ਼ਿਆਦਾ ਅਸਰੁੱਖਿਅਤ ਹੁੰਦੇ ਹਨ।
ਕੀ ਭਾਰਤ ਲਈ ਹੈ ਕੋਈ ਨਵਾਂ ਖ਼ਤਰਾ ?
ਜਿਵੇਂ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਸਮੇਂ ਭਾਰਤ ਵਿੱਚ ਇਸ ਵਾਇਰਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ (HMPV risk kin India)। ਅਜਿਹੇ 'ਚ ਫਿਲਹਾਲ ਇਸ ਨੂੰ ਲੈ ਕੇ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਉਂਝ ਡਾਕਟਰ ਰੇਣੂ ਅਨੁਸਾਰ ਭਾਰਤ 'ਚ ਇਸ ਵਾਇਰਸ ਨੂੰ ਹਾਲੇ ਕੋਈ ਵੱਡਾ ਖ਼ਤਰਾ ਨਹੀਂ ਮੰਨਿਆ ਜਾ ਰਿਹਾ ਹੈ ਪਰ ਭਾਰਤ ਦੀ ਸੰਘਣੀ ਆਬਾਦੀ ਕਾਰਨ ਜੇਕਰ ਸਹੀ ਸਾਵਧਾਨੀਆਂ ਨਾ ਵਰਤੀਆਂ ਗਈਆਂ ਤਾਂ ਇਸ ਦੇ ਫੈਲਣ ਦਾ ਖ਼ਦਸ਼ਾ ਹੈ।
ਵਾਇਰਸ ਤੋਂ ਕਿਵੇਂ ਬਚਿਆ ਜਾਵੇ ?
ਡਾਕਟਰ ਨੇ ਵਾਇਰਸ ਤੋਂ ਬਚਣ ਦੇ ਤਰੀਕੇ ਵੀ ਦੱਸੇ। ਉਨ੍ਹਾਂ ਕਿਹਾ ਕਿ ਸਫ਼ਾਈ, ਖਾਸ ਕਰਕੇ ਹੱਥਾਂ ਦੀ ਨਿਯਮਤ ਸਫ਼ਾਈ ਵਰਗੀਆਂ ਆਦਤਾਂ ਅਪਣਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਭੀੜ-ਭੜੱਕੇ ਵਾਲੇ ਖੇਤਰਾਂ 'ਚ ਮਾਸਕ ਪਾਉਣਾ ਚਾਹੀਦਾ ਹੈ ਕਿਉਂਕਿ ਅਜੇ ਤਕ ਇਸ ਵਾਇਰਸ ਦੀ ਕੋਈ ਵੈਕਸੀਨ ਨਹੀਂ ਹੈ, ਇਸ ਲਈ ਆਪਣੇ ਆਪ ਨੂੰ ਇਸ ਤੋਂ ਬਚਾਉਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਚੀਨ ਨੇ ਦਿੱਤਾ ਸਪੱਸ਼ਟੀਕਰਨ?
ਇਸ ਦੇ ਨਾਲ ਹੀ ਚੀਨ 'ਚ HMPV ਦੇ ਵਧਦੇ ਮਾਮਲਿਆਂ ਨੂੰ ਲੈ ਕੇ ਚੀਨ ਵੱਲੋਂ ਹਾਲ ਹੀ 'ਚ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵਾਇਰਸ ਬਾਰੇ ਫੈਲੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਬੀਜਿੰਗ ਨੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ। ਇਸ ਦੌਰਾਨ, ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਕਿਹਾ ਕਿ "ਸਰਦੀਆਂ ਦੇ ਮੌਸਮ 'ਚ ਸਾਹ ਦੀ ਲਾਗ ਆਪਣੇ ਸਿਖਰ 'ਤੇ ਹੁੰਦੀ ਹੈ। ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਚੀਨੀ ਸਰਕਾਰ ਚੀਨੀ ਨਾਗਰਿਕਾਂ ਤੇ ਚੀਨ ਆਉਣ ਵਾਲੇ ਵਿਦੇਸ਼ੀਆਂ ਦੀ ਸਿਹਤ ਦਾ ਖਿਆਲ ਰੱਖਦੀ ਹੈ ਤੇ ਇੱਥੇ ਯਾਤਰਾ ਕਰਨਾ ਸੁਰੱਖਿਅਤ ਹੈ।"
ਕੀ ਕਹਿਣਾ ਹੈ ਕੇਂਦਰੀ ਸਿਹਤ ਮੰਤਰਾਲੇ ਦਾ ?
ਚੀਨ 'ਚ HMPV ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲਾ ਹੁਣ ਇਸ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਅਤੁਲ ਗੋਇਲ ਨੇ ਕਿਹਾ ਕਿ ਦੇਸ਼ ਵਿਚ ਹੁਣ ਤਕ ਸਾਹ ਦੀ ਬਿਮਾਰੀ ਐਚਐਮਪੀਵੀ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਚੀਨ 'ਚ ਇਸ ਦੇ ਵਧਦੇ ਮਾਮਲਿਆਂ ਦੀ ਰਿਪੋਰਟ ਦੇ ਵਿਚਕਾਰ ਸਿਹਤ ਮੰਤਰਾਲਾ ਇਸ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਨਾਲ ਹੀ, ਇਸ ਸਮੇਂ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।





Comments