google-site-verification=ILda1dC6H-W6AIvmbNGGfu4HX55pqigU6f5bwsHOTeM
top of page

ਜਾਪਾਨ ਲਈ ਸਰਾਪ ਬਣਿਆ ਨਵਾਂ ਸਾਲ, ਇਕ ਦਿਨ 'ਚ 155 ਵਾਰ ਹਿੱਲੀ ਧਰਤੀ;ਭੂਚਾਲ ਕਾਰਨ ਹੁਣ ਤੱਕ 24 ਲੋਕਾਂ ਦੀ ਮੌ+ਤ

  • bhagattanya93
  • Jan 2, 2024
  • 2 min read

02/01/2024

ree

ਜਾਪਾਨ ਵਿਚ ਨਵੇਂ ਸਾਲ ਦੇ ਦਿਨ ਆਏ ਸ਼ਕਤੀਸ਼ਾਲੀ ਭੂਚਾਲ 'ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨੇ ਮੰਗਲਵਾਰ ਤੜਕੇ ਭੂਚਾਲ ਕਾਰਨ ਢਹਿ ਗਈਆਂ ਇਮਾਰਤਾਂ ਦੇ ਮਲਬੇ 'ਚੋਂ ਲਾਸ਼ਾਂ ਨੂੰ ਬਾਹਰ ਕੱਢਿਆ। ਨਿਊਜ਼ ਏਜੰਸੀ ਰਾਇਟਰਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਨਵੇਂ ਸਾਲ ਦੇ ਦਿਨ ਜਾਪਾਨ 'ਚ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ 'ਚ ਕਈ ਇਮਾਰਤਾਂ ਜ਼ਮੀਨ 'ਚ ਧਸ ਗਈਆਂ।


ਹਜ਼ਾਰਾਂ ਘਰਾਂ ਦੀ ਬਿਜਲੀ ਹੋਈ ਗੁੱਲ

ਉੱਥੇ ਹੀ ਭੂਚਾਲ ਕਾਰਨ ਹਜ਼ਾਰਾਂ ਘਰਾਂ 'ਚ ਬਿਜਲੀ ਗੁੱਲ ਹੋ ਗਈ ਤੇ ਕਈ ਤੱਟਵਰਤੀ ਇਲਾਕਿਆਂ ਦੇ ਨਿਵਾਸੀਆਂ ਨੂੰ ਉੱਚੀਆਂ ਥਾਵਾਂ 'ਤੇ ਭੱਜਣ ਲਈ ਮਜਬੂਰ ਹੋਣਾ ਪਿਆ। ਭੂਚਾਲ ਕਾਰਨ ਜਾਪਾਨ ਦੇ ਪੱਛਮੀ ਤੱਟ ਦੇ ਨਾਲ-ਨਾਲ ਗੁਆਂਢੀ ਦੇਸ਼ ਦੱਖਣੀ ਕੋਰੀਆ ਵਿਚ ਇੱਕ ਮੀਟਰ ਉੱਚੀਆਂ ਲਹਿਰਾਂ ਉੱਠੀਆਂ।


ਰਨਵੇ 'ਚ ਤਰੇੜਾਂ ਆਉਣ ਕਾਰਨ ਹਵਾਈ ਸੇਵਾ ਬੰਦ

ਭੂਚਾਲ ਕਾਰਨ ਰਨਵੇਅ ਵਿਚ ਤਰੇੜਾਂ ਆਉਣ ਤੋਂ ਬਾਅਦ ਇਕ ਸਥਾਨਕ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਰਾਇਟਰਜ਼ ਨੇ ਸਥਾਨਕ ਪ੍ਰਸਾਰਕ NTV ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸ਼ਿਕਾ ਟਾਊਨ, ਇਸ਼ੀਕਾਵਾ ਪ੍ਰੀਫੈਕਚਰ ਵਿੱਚ ਇੱਕ ਇਮਾਰਤ ਡਿੱਗਣ ਨਾਲ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਉਸੇ ਸਮੇਂ ਕਿਓਡੋ ਨਿਊਜ਼ ਨੇ ਪ੍ਰੀਫੈਕਚਰਲ ਕ੍ਰਾਈਸਿਸ ਮੈਨੇਜਮੈਂਟ ਟੀਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ਼ੀਕਾਵਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 50 ਸਾਲ ਦੇ ਇੱਕ ਆਦਮੀ ਅਤੇ ਔਰਤ, ਇੱਕ ਨੌਜਵਾਨ ਲੜਕਾ ਅਤੇ ਇੱਕ 70 ਸਾਲਾ ਵਿਅਕਤੀ ਸ਼ਾਮਿਲ ਹਨ।


ਸ਼ਾਮ 4 ਵਜੇ ਤੋਂ ਬਾਅਦ ਲੱਗੇ 21 ਝਟਕੇ

ਇਹ ਜਾਣਿਆ ਜਾਂਦਾ ਹੈ ਕਿ ਇਸ਼ੀਕਾਵਾ ਤੱਟ ਅਤੇ ਨੇੜਲੇ ਸੂਬਿਆਂ ਵਿਚ ਸ਼ਾਮ 4 ਵਜੇ ਤੋਂ ਬਾਅਦ 4 ਦੀ ਤੀਬਰਤਾ ਵਾਲੇ 21 ਭੂਚਾਲ ਆਏ। ਇਨ੍ਹਾਂ ਵਿੱਚੋਂ ਇਕ ਦੀ ਤੀਬਰਤਾ 7.6 ਸੀ। ਭੂਚਾਲ ਤੋਂ ਬਾਅਦ ਇਕ ਮੀਟਰ ਤੱਕ ਸੁਨਾਮੀ ਦੀਆਂ ਲਹਿਰਾਂ ਉੱਠ ਰਹੀਆਂ ਹਨ। ਪ੍ਰਭਾਵਿਤ ਇਲਾਕੇ ਦੇ ਲੋਕ ਦਹਿਸ਼ਤ ਵਿਚ ਹਨ।


ਅਗਲੇ ਤਿੰਨ ਦਿਨਾਂ 'ਚ ਆ ਸਕਦੇ ਵੱਡੇ ਭੂਚਾਲ

ਜਾਪਾਨੀ ਜਨਤਕ ਪ੍ਰਸਾਰਕ NHK ਟੀਵੀ ਨੇ ਚੇਤਾਵਨੀ ਦਿੱਤੀ ਹੈ ਕਿ ਸੁਨਾਮੀ ਦੀਆਂ ਲਹਿਰਾਂ ਪੰਜ ਮੀਟਰ ਦੀ ਉਚਾਈ (16.5 ਫੁੱਟ) ਤੱਕ ਪਹੁੰਚ ਸਕਦੀਆਂ ਹਨ। ਲੋਕਾਂ ਨੂੰ ਜਲਦੀ ਤੋਂ ਜਲਦੀ ਉੱਚੀਆਂ ਥਾਵਾਂ ਜਾਂ ਇਮਾਰਤਾਂ ਵਿੱਚ ਪਨਾਹ ਲੈਣੀ ਚਾਹੀਦੀ ਹੈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਦਾ ਕਹਿਣਾ ਹੈ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਇਸ ਖੇਤਰ ਵਿੱਚ ਹੋਰ ਵੱਡੇ ਭੂਚਾਲ ਆ ਸਕਦੇ ਹਨ।


97 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਜਾਣ ਦੀ ਦਿੱਤੀ ਗਈ ਸਲਾਹ

ਜਾਣਕਾਰੀ ਮੁਤਾਬਿਕ 1 ਦਿਨ 'ਚ 155 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ 'ਚ 7.6 ਤੀਬਰਤਾ ਦਾ ਭੂਚਾਲ ਸਭ ਤੋਂ ਖਤਰਨਾਕ ਸਾਬਤ ਹੋਇਆ। ਸਮਾਚਾਰ ਏਜੰਸੀ ਰਾਇਟਰਸ ਮੁਤਾਬਿਕ ਭੂਚਾਲ ਕਾਰਨ ਲਗਭਗ 33,000 ਘਰ ਬਿਜਲੀ ਤੋਂ ਬਿਨਾਂ ਹਨ ਅਤੇ ਦੇਸ਼ ਭਰ ਦੇ ਕਈ ਮਹੱਤਵਪੂਰਨ ਰਸਤੇ ਬੰਦ ਹਨ, ਜਿਨ੍ਹਾਂ 'ਚ ਪ੍ਰਮੁੱਖ ਹਾਈਵੇਅ ਵੀ ਸ਼ਾਮਲ ਹਨ। ਹੋਨਸ਼ੂ ਟਾਪੂ ਦੇ ਪੱਛਮੀ ਤੱਟ 'ਤੇ ਨੌ ਪ੍ਰੀਫੈਕਚਰ 'ਚ ਰਹਿ ਰਹੇ 97 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।

Comments


Logo-LudhianaPlusColorChange_edited.png
bottom of page