ਦੋਸਤ ਦਾ ਜਨਮ ਦਿਨ ਦੂਸਰੇ ਦੋਸਤ ਲਈ ਬਣਿਆ 'ਕਾਲ', ਬੇਕਾਬੂ ਕਾਰ ਦਰਖਤ ਨਾਲ ਟਕਰਾਈ, ਇਕ ਨੌਜਵਾਨ ਦੀ ਮੌ+ਤ, ਪੰਜ ਜ਼ਖ਼ਮੀ
- bhagattanya93
- May 3
- 2 min read
03/05/2025

ਦੋਸਤ ਦਾ ਜਨਮ ਦਿਨ ਦੂਸਰੇ ਦੋਸਤ ਲਈ ਉਸ ਸਮੇਂ ਕਾਲ ਬਣ ਗਿਆ ਜਦ ਸਵੇਰੇ ਇਕ ਦੋਸਤ ਨੂੰ ਪਿੰਡ ਛੱਡ ਕੇ ਵਾਪਸ ਆਉਣ ’ਤੇ ਉਨ੍ਹਾਂ ਦੀ ਕਾਰ ਰਿਫਾਇਨਰੀ ਰੋਡ ’ਤੇ ਪਿੰਡ ਪੱਕਾ ਕਲਾਂ ਨਜਦੀਕ ਨੀਂਦ ਆਉਣ ਕਾਰਨ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਜਨਮ ਦਿਨ ਵਾਲੇ ਨੌਜਵਾਨ ਸਮੇਤ ਪੰਜ ਜ਼ਖਮੀ ਹੋ ਗਏ। ਇਹ ਹਾਦਸਾ ਸਵੇਰੇ ਕਰੀਬ ਤਿੰਨ ਵਜੇ ਵਾਪਰਿਆ ਪਰ ਤੇਜ ਤੂਫਾਨ ਹੋਣ ਕਾਰਨ ਇਸਦਾ ਪਤਾ ਸਵੇਰ ਦਿਨ ਚੜ੍ਹੇ ਲੱਗਿਆ। ਮ੍ਰਿਤਕ ਨੌਜਵਾਨ ਡੱਬਵਾਲੀ ਵਿਚ ਮੈਡੀਕਲ ਸਟੋਰ ਚਲਾਉੰਦਾ ਸੀ ਅਤੇ ਅੱਜ ਸ਼ੁੱਕਰਵਾਰ ਨੂੰ ਉਸਦਾ ਬੀਏ ਦਾ ਪੇਪਰ ਸੀ, ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜੂਰ ਸੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਬਸੀਮ ਖਾਨ ਦਾ ਜਨਮ ਦਿਨ ਸੀ, ਜਿੱਥੇ ਉਸ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਈ ਦੋਸਤ ਜਨਮ ਦਿਨ ਮਨਾ ਰਹੇ ਸਨ। ਸਵੇਰੇ ਢਾਈ ਵਜੇ ਦੇ ਕਰੀਬ ਇਹ ਸਾਰੇ ਦੋਸਤ ਕਾਰ ‘ਚ ਸਵਾਰ ਹੋ ਕੇ ਇਕ ਦੋਸਤ ਨੂੰ ਛੱਡਣ ਲਈ ਪਿੰਡ ਫੱਲੜ ਪਹੁੰਚ ਗਏ, ਜਦ ਉਸ ਨੂੰ ਛੱਡ ਕੇ ਵਾਪਸ ਆ ਰਹੇ ਸਨ ਤਾਂ ਰਿਫਾਇਨਰੀ ਰੋਡ ’ਤੇ ਪਿੰਡ ਪੱਕਾ ਕਲਾਂ ਨਜਦੀਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਹਾਦਸੇ 'ਚ ਨੁਸਰਤ ਪੁੱਤਰ ਜਗਸੀਰ ਵਾਸੀ ਚੱਕ ਰੁਲਦੂ ਸਿੰਘ ਵਾਲਾ ਦੀ ਮੌਤ ਹੋ ਗਈ ਜਦਕਿ ਮਨਪ੍ਰੀਤ ਸਿੰਘ ਵਾਸੀ ਜੱਸੀ ਬਾਗਵਾਲੀ, ਸੁਖਵੰਤ ਪੁੱਤਰ ਸੁਖਦੇਵ ਵਾਸੀ ਪੰਨੀਵਾਲਾ, ਯਸ਼ਮੀਨ ਪੁੱਤਰ ਚਰਨਜੀਤ ਵਾਸੀ ਕੁਟੀ, ਬਸੀਮ ਖਾਨ ਪੁੱਤਰ ਰਫੀਕ ਖਾਨ ਵਾਸੀ ਚੱਕ ਰੁਲਦੂ ਸਿੰਘ ਵਾਲਾ ਅਤੇ ਹਰਮੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਥਰਾਲਾ ਗੰਭੀਰ ਜ਼ਖਮੀ ਹੋ ਗਏ। ਸਵੇਰੇ ਹਾਦਸੇ ਦੀ ਸੂਚਨਾ ਮਿਲਦਿਆਂ ਸੰਗਤ ਸਹਾਰਾ ਸੇਵਾ ਸੰਸਥਾ ਦੇ ਵਲੰਟੀਅਰ ਸਿਕੰਦਰ ਮਛਾਣਾ ਐਬੂਲੈਂਸ ਲੈ ਕੇ ਪਹੁੰਚੇ, ਜਿਨ੍ਹਾਂ ਨੇ ਮ੍ਰਿਤਕ ਅਤੇ ਗੰਭੀਰ ਜਖਮੀ ਨੌਜਵਾਨਾਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਿਕੰਦਰ ਮਛਾਣਾ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਤਿੰਨ ਵਜੇ ਦੇ ਕਰੀਬ ਹੋਇਆ ਪ੍ਰੰਤੂ ਇਸ ਦਾ ਪਤਾ ਸਵੇਰੇ ਦਿਨ ਚੜਦੇ ਲੱਗਿਆ, ਕਿਉਂਕਿ ਰਾਤੀਂ ਤੂਫਾਨ ਆਉਣ ਕਾਰਨ ਕੋਈ ਘਰੋਂ ਬਾਹਰ ਹੀ ਨਹੀਂ ਨਿਕਲਿਆ ਜੇਕਰ ਸਮੇਂ ਰਹਿੰਦੇ ਇਸ ਹਾਦਸੇ ਦਾ ਪਤਾ ਲੱਗ ਜਾਂਦਾ ਤਾਂ ਨੌਜਵਾਨ ਦੀ ਜਾਨ ਬਚ ਜਾਂਦੀ।

Comments