ਨਿੱਕੀ ਨੂੰ ਜ਼ਿੰਦਾ ਸਾੜਨ ਵਾਲੇ ਵਹਿਸ਼ੀ ਦਰਿੰਦੇ ਦਾ ਐਨਕਾਊਂਟਰ
- bhagattanya93
- Aug 24
- 2 min read
24/08/2025

ਕਾਸਨਾ ਕੋਤਵਾਲੀ ਦੇ ਸਿਰਸਾ ਪਿੰਡ 'ਚ ਦਾਜ ਲਈ ਪਤਨੀ ਨਿੱਕੀ ਨੂੰ ਸਾੜ ਕੇ ਮਾਰਨ ਵਾਲੇ ਪਤੀ ਵਿਪਨ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ। ਜਾਣਕਾਰੀ ਅਨੁਸਾਰ, ਵਿਪਨ ਨੇ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਨੂੰ ਗੋਲ਼ੀ ਚਲਾਉਣੀ ਪਈ। ਵਿਪਨ ਦੇ ਪੈਰ 'ਚ ਗੋਲੀ ਲੱਗੀ ਹੈ। ਕਾਸਨਾ ਕੋਤਵਾਲੀ ਦੇ ਇੰਚਾਰਜ ਧਰਮਿੰਦਰ ਸ਼ੁਕਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਪੁੱਤਰ ਨੇ ਬਿਆਨ ਕੀਤੀ ਮਾਂ ਨਾਲ ਜ਼ੁਲਮ ਦੀ ਕਹਾਣੀ
ਸਿਰਸਾ ਪਿੰਡ 'ਚ ਹੋਈ ਮਹਿਲਾ ਨਿੱਕੀ ਦੀ ਸਾੜ ਕੇ ਮੌਤ ਦੇ ਮਾਮਲੇ 'ਚ ਨਿੱਕੀ ਦੇ ਪੰਜ ਸਾਲਾ ਪੁੱਤਰ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਬੱਚਾ ਆਪਣੇ ਪਿਤਾ ਵੱਲੋਂ ਮਾਂ ਨਾਲ ਕੀਤੀ ਗਈ ਮਾਰਕੁੱਟ ਤੇ ਜਬਰ ਦੀ ਕਹਾਣੀ ਦੱਸਦਾ ਦਿਖਾਈ ਦੇ ਰਿਹਾ ਹੈ। ਬੱਚਾ ਦੱਸਦਾ ਹੈ ਕਿ ਪਹਿਲਾਂ ਉਸਦੇ ਪਿਤਾ ਨੇ ਮਾਂ ਨਾਲ ਕੁੱਟਮਾਰ ਕੀਤੀ, ਫਿਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।
ਪਰਿਵਾਰ 'ਚ ਮਾਤਮ
ਬੇਟੀ 'ਤੇ ਹੋਏ ਜ਼ੁਲਮ ਅਤੇ ਦਰਦਨਾਕ ਘਟਨਾ ਤੋਂ ਬਾਅਦ ਰੂਪਬਾਸ ਪਿੰਡ 'ਚ ਮਾਤਮ ਦਾ ਮਾਹੌਲ ਹੈ। ਹਮਦਰਦੀ ਦੇਣ ਪਹੁੰਚ ਰਹੇ ਲੋਕ ਵੀ ਪੀੜਤ ਪਰਿਵਾਰ ਨੂੰ ਰੋਂਦਾ-ਬਿਲਕਦਾ ਦੇਖ ਕੇ ਆਪਣੇ ਹੰਝੂ ਨਹੀਂ ਰੋਕ ਪਾ ਰਹੇ ਹਨ। ਘਟਨਾ ਤੋਂ ਬਾਅਦ ਮ੍ਰਿਤਕ ਦੀ ਮਾਂ ਮੰਜੂ ਸਦਮੇ 'ਚ ਹੈ ਅਤੇ ਉਹ ਵਾਰ-ਵਾਰ ਬੇਹੋਸ਼ ਹੋ ਰਹੀ ਹੈ। ਦੂਜੇ ਪਾਸੇ, ਪਿਤਾ ਭਿਖਾਰੀ ਸਿੰਘ ਵੀ ਸਦਮੇ ਕਾਰਨ ਗੁੰਮਸੁੰਮ ਬੈਠੇ ਹਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਵਿਪਨ ਸ਼ਰਾਬ ਦਾ ਆਦੀ ਸੀ, ਜਿਸ ਕਾਰਨ ਘਰ 'ਚ ਝਗੜੇ ਵੱਧ ਗਏ ਸਨ। ਉਹ ਘਰ ਵਿਚ ਕੁਝ ਵੀ ਨਹੀਂ ਕਰਦਾ ਸੀ।
ਪੀੜਤ ਦੇ ਪਿਤਾ ਕਿਹਾ, "ਮੇਰੀ ਵੱਡੀ ਬੇਟੀ ਨੇ ਮੈਨੂੰ ਕਾਲ ਕਰ ਕੇ ਮਾਮਲੇ ਦੀ ਜਾਣਕਾਰੀ ਦਿੱਤੀ। ਅਸੀਂ ਤੁਰੰਤ ਹਸਪਤਾਲ ਪਹੁੰਚੇ। ਇਹ ਲੋਕ ਉਸਨੂੰ ਅੱਗ ਦੇ ਹਵਾਲੇ ਕਰ ਕੇ ਭੱਜ ਗਏ ਸਨ। ਉਨ੍ਹਾਂ ਦੇ ਗੁਆਂਢੀ ਉਸਨੂੰ ਫੋਰਟਿਸ ਹਸਪਤਾਲ ਲੈ ਗਏ। ਜਦੋਂ ਅਸੀਂ ਪਹੁੰਚੇ, ਉਹ 70 ਫੀਸਦ ਸੜ ਚੁੱਕੀ ਸੀ। ਡਾਕਟਰਾਂ ਨੇ ਬੇਟੀ ਨੂੰ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ। ਅਸੀਂ ਐਂਬੂਲੈਂਸ ਬੁੱਕ ਕਰ ਕੇ ਉਸਨੂੰ ਸਫਦਰਜੰਗ ਹਸਪਤਾਲ ਲੈ ਗਏ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।"
ਉਨ੍ਹਾਂ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਸਦੀ (ਬੇਟੀ) ਸੱਸ ਨੇ ਉਸ 'ਤੇ ਮਿੱਟੀ ਦਾ ਤੇਲ ਪਾਇਆ ਤੇ ਪਤੀ ਨੇ ਅੱਗ ਲਗਾਈ। ਹੁਣ ਜਦੋਂ ਮੇਰੀ ਧੀ ਮਰ ਚੁੱਕੀ ਹੈ, ਤਾਂ ਉਨ੍ਹਾਂ ਦੀ ਦਾਜ ਦੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਗੱਡੀ ਦੀ ਮੰਗ ਕਰਕੇ ਮੇਰੀ ਧੀ ਨੂੰ ਤੜਫਾਇਆ। ਮੇਰੀਆਂ ਦੋਹਾਂ ਬੇਟੀਆਂ ਦਾ ਵਿਆਹ ਇੱਕੋ ਪਰਿਵਾਰ 'ਚ ਹੋਇਆ ਸੀ। ਮੇਰੇ ਪੋਤੇ ਨੇ ਵੀ ਸਭ ਨੂੰ ਦੱਸਿਆ ਹੈ ਕਿ ਕਿਵੇਂ ਅਤੇ ਕੀ ਹੋਇਆ?"
2016 'ਚ ਹੋਇਆ ਸੀ ਦੋਵਾਂ ਧੀਆਂ ਦਾ ਵਿਆਹ
ਰੂਪਬਾਸ ਪਿੰਡ ਦੇ ਭਿਖਾਰੀ ਸਿੰਘ ਨੇ ਦਸੰਬਰ 2016 'ਚ ਆਪਣੀ ਬੇਟੀ ਕੰਚਨ ਅਤੇ ਨਿੱਕੀ ਦਾ ਵਿਆਹ ਸਿਰਸਾ ਪਿੰਡ ਦੇ ਰੋਹਿਤ ਤੇ ਵਿਪਨ ਨਾਲ ਕੀਤਾ ਸੀ। ਵਿਆਹ 'ਚ ਸਕਾਰਪਿਓ ਗੱਡੀ ਸਮੇਤ ਦਾਜ-ਦਹੇਜ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਵਿਆਹ ਦੇ ਬਾਅਦ ਤੋਂ ਹੀ ਸਹੁਰਾ ਪਰਿਵਾਰ ਦੇ ਲੋਕ 35 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀਆਂ ਦੋਹਾਂ ਬੇਟੀਆਂ ਨਾਲ ਸਹੁਰਾ ਪਰਿਵਾਰ ਦੇ ਲੋਕ ਮਾਰਕੁੱਟ ਕਰਦੇ ਸਨ। ਕਈ ਵਾਰੀ ਪੰਚਾਇਤ ਵੀ ਹੋਈ ਸੀ।





Comments