ਪਤੀ ਵੱਲੋਂ ਪਤਨੀ ਦਾ ਕਤਲ, ਚਰਿੱਤਰ ’ਤੇ ਕਰਦਾ ਸੀ ਸ਼ੱਕ,ਪਤੀ ਦੋ ਬੱਚਿਆਂ ਨੂੰ ਲੈ ਕੇ ਹੋਇਆ ਫਰਾਰ
- Ludhiana Plus
- Mar 11
- 2 min read
11/03/2025

ਬੀਤੀ ਰਾਤ ਸਥਾਨਕ ਸ਼ਹਿਰ ਦੇ ਰਾਏਕੋਟ ਰੋਡ ਤੋਂ ਪਿੰਡ ਜਾਂਗਪੁਰ ਨੂੰ ਜਾਂਦੇ ਰਸਤੇ ’ਤੇ ਇੱਕ ਝੁੱਗੀ ’ਚ ਪਰਿਵਾਰ ਸਮੇਤ ਰਹਿੰਦਾ ਮਜ਼ਦੂਰ ਆਪਣੀ ਪਤਨੀ ਦਾ ਕਤਲ ਕਰ ਕੇ ਦੋ ਬੱਚਿਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਰਾਤ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। ਮਿ੍ਰਤਕ ਰੇਨੂ ਕੁਮਾਰੀ (26) ਦੇ ਪਿਤਾ ਚੰਦਰਾਦੀ ਪਾਸਵਾਨ ਅਤੇ ਮਾਤਾ ਸ਼ੀਲਾ ਦੇਵੀ ਨੇ ਦੱਸਿਆ ਕਿ ਉਹ ਇਥੇ ਪਿਛਲੇ 20 ਸਾਲ ਤੋਂ ਰਹਿ ਰਹੇ ਹਨ ਅਤੇ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਸਦਾ ਜਵਾਈ ਤੇਜਪਾਲ ਪੁੱਤਰ ਭੋਲਾ ਵਾਸੀ ਮੁਰਾਦਾਬਾਦ ਯੂਪੀ ਉਸਦੀ ਧੀ ਰੇਨੂ ਕੁਮਾਰੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਬੀਤੀ ਰਾਤ ਤੇਜਪਾਲ ਝੁੱਗੀ ਦੇ ਸਾਹਮਣੇ ਹੀ ਬਣੇ ਸ਼ੈਲਰ ’ਚੋਂ ਕੰਮ ਕਰਕੇ ਆਇਆ ਸੀ ਅਤੇ ਦੇਰ ਰਾਤ ਤੱਕ ਖਾਣਾ ਖਾਣ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਨਾਲ ਹੀ ਝੁੱਗੀ ਦੇ ਬਿਲਕੁੱਲ ਨੇੜੇ ਵਾਲੀ ਮੋਟਰ ’ਤੇ ਰਿਹਾਇਸ਼ ਵਾਲੇ ਕਮਰੇ ਵਿੱਚ ਪਤਨੀ ਅਤੇ ਦੋ ਬੱਚਿਆਂ ਸਮੇਤ ਸੌਣ ਲਈ ਚਲਾ ਗਿਆ ਸੀ।
ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਮੋਟਰ ਵਾਲੇ ਕਮਰੇ ਨੂੰ ਬਾਹਰੋ ਤਾਲਾ ਲੱਗਿਆ ਹੋਇਆ ਸੀ। ਆਵਾਜ਼ਾਂ ਮਾਰਨ ਉਪਰੰਤ ਵੀ ਜਦੋਂ ਕੋਈ ਅੰਦਰੋ ਆਵਾਜ਼ ਨਾ ਆਈ ਤਾਂ ਸ਼ੱਕ ਪੈਣ ’ਤੇ ਉਨ੍ਹਾਂ ਤਾਲਾ ਤੋੜ ਕੇ ਜਦੋਂ ਅੰਦਰ ਦੇਖਿਆ ਤਾਂ ਉਸਦੀ ਧੀ ਰੇਨੂ ਕੁਮਾਰੀ ਦੀ ਲਾਸ਼ ਪਈ ਸੀ ਅਤੇ ਉਸਦੇ ਮੂੰਹ ’ਤੇ ਦੰਦਾਂ ਦੇ ਨਿਸ਼ਾਨ ਸਨ। ਚੰਦਰਾਦੀ ਪਾਸਵਾਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਤੇਜਪਾਲ ਆਪਣੇ ਲੜਕੇ ਸਨੀ (7) ਅਤੇ ਲੜਕੀ ਸੰਧਿਆ 4 ਸਾਲ ਨੂੰ ਆਪਣੇ ਨਾਲ ਲੈ ਕੇ ਫਰਾਰ ਹੋ ਚੁੱਕਾ ਸੀ। ਉਨ੍ਹਾਂ ਤੁਰੰਤ ਇਸ ਘਟਨਾ ਦੀ ਸੂਚਨਾ ਥਾਣਾ ਦਾਖਾ ਦੀ ਪੁਲਿਸ ਨੂੰ ਦਿੱਤੀ ਤਾਂ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਲਾਸ਼ ਨੂੰ ਕਬਜ਼ੇ ’ਚ ਲੈ ਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਇਸ ਮਾਮਲੇ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਉਸਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆਵੇਗੀ।
Comments