ਫਰਾਂਸ ਤੋਂ ਸਾਈਕਲ ’ਤੇ 11 ਦੇਸ਼ਾਂ ਦੀ ਯਾਤਰਾ ਕਰਦਾ ਜੋੜਾ ਪੁੱਜਾ ਡੇਰਾ ਬਾਬਾ ਨਾਨਕ, 9 ਮਹੀਨੇ ਪਹਿਲਾਂ ਫਰਾਂਸ ਸਿਟੀ ਵੈੱਨਜ਼ ਤੋਂ ਕੀਤੀ ਸੀ ਸ਼ੁਰੂ
- bhagattanya93
- Apr 13
- 1 min read
13/04/2025

ਫਰਾਂਸ ਤੋਂ ਸਾਈਕਲ ’ਤੇ 11 ਦੇਸ਼ਾਂ ਦੀ ਯਾਤਰਾ ਕਰਨ ਵਾਲਾ ਜੋੜਾ ਸ਼ਨਿਚਰਵਾਰ ਨੂੰ ਨੈਸ਼ਨਲ ਹਾਈਵੇ 354 ਰਾਹੀਂ ਡੇਰਾ ਬਾਬਾ ਨਾਨਕ ਵਿਖੇ ਪੁੱਜਿਆ। ਇਸ ਮੌਕੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਫਰਾਂਸ ਤੋਂ ਸਾਈਕਲ ’ਤੇ ਚੱਲੇ ਪਤੀ ਐਂਟੋਇਨ ਅਤੇ ਉਸ ਦੀ ਪਤਨੀ ਮਯਾਮੀ ਨੇ ਦੱਸਿਆ ਕਿ ਉਹ ਸਾਈਕਲ ਰਾਹੀਂ ਏਸ਼ੀਆ ਯਾਤਰਾ ’ਤੇ ਨਿਕਲੇ ਹੋਏ ਹਨ। ਉਹਨਾਂ ਦੱਸਿਆ ਕਿ 9 ਮਹੀਨੇ ਪਹਿਲਾਂ ਜੁਲਾਈ 2024 ਨੂੰ ਫਰਾਂਸ ਸਿਟੀ ਵੈੱਨਜ਼ ਤੋਂ ਸਾਈਕਲ ਯਾਤਰਾ ਆਰੰਭ ਕੀਤੀ ਸੀ। ਇਸ ਮੌਕੇ ਐਂਟੋਇਨ ਨੇ ਦੱਸਿਆ ਕਿ ਉਹ ਲੌਜਿਸਟਿਕ ਮਿਡਰੀਅਮ ਨੌਕਰੀ ਕਰਦਾ ਹੈ ਅਤੇ ਉਸ ਦੀ ਪਤਨੀ ਮਯਾਮੀ ਜੋ ਇੰਜੀਨੀਅਰ ਹੈ, ਨੇ ਦੱਸਿਆ ਕਿ ਉਹ ਜੁਲਾਈ ਮਹੀਨੇ ਤੋਂ ਫਰਾਂਸ ਤੋਂ ਸਾਈਕਲ ’ਤੇ ਯਾਤਰਾ ਕਰ ਰਹੇ ਹਨ। ਉਪਰੰਤ ਉਹ ਇਟਲੀ, ਸਲੋਵੇਨੀਆ, ਅਲਬਾਨੀਆ, ਯੂਨਾਨ, ਤਾਜ਼ਿਕਸਤਾਨ, ਕਿਰਗਿਸਤਾਨ, ਕਜ਼ਾਕਿਸਤਾਨ, ਕ੍ਰੀਜ਼ੀਆ, ਚੀਨ ਰਾਹੀਂ ਹੁੰਦੇ ਹੋਏ ਭਾਰਤ ਸਾਈਕਲ ’ਤੇ ਪੁੱਜੇ।

ਐਂਟੋਇਨ ਤੇ ਉਨ੍ਹਾਂ ਦੀ ਪਤਨੀ ਮਯਾਮੀ ਨੇ ਦੱਸਿਆ ਕਿ ਉਹ ਰੋਜ਼ਾਨਾ 90 ਕਿਲੋਮੀਟਰ ਸਾਈਕਲ ’ਤੇ ਪੈਂਡਾ ਤੈਅ ਕਰਦੇ ਹਨ ਅਤੇ ਹੁਣ ਤੱਕ 20 ਹਜ਼ਾਰ ਕਿਲੋਮੀਟਰ ਸਫਰ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਹੁਣ ਤੱਕ ਉਹ 10 ਹਜ਼ਾਰ ਯੂਰੋ ਖਰਚ ਚੁੱਕੇ ਹਨ। ਉਹਨਾਂ ਦੱਸਿਆ ਕਿ ਉਹ ਗੁਗਲ ਮੈਪ ਰਾਹੀਂ ਰੋਜ਼ਾਨਾ 90 ਕਿਲੋਮੀਟਰ ਸਫਰ ਕਰਦੇ ਹਨ ਅਤੇ ਐਤਵਾਰ ਨੂੰ ਉਹ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਜਾਣਗੇ ਅਤੇ ਉਸ ਤੋਂ ਬਾਅਦ ਈਰਾਨ ਵਿੱਚ ਪਹੁੰਚਣ ਉਪਰੰਤ ਸਾਈਕਲ ਯਾਤਰਾ ਸਮਾਪਤ ਕਰਨਗੇ। ਉਹਨਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਦਾ ਪਹਿਰਾਵਾ ਅਤੇ ਪਰੌਂਠਾ ਬਹੁਤ ਚੰਗਾ ਲੱਗਾ। ਉਹਨਾਂ ਦੱਸਿਆ ਕਿ ਉਹ ਵੱਖ-ਵੱਖ ਦੇਸ਼ਾਂ ਵਿੱਚ ਸਾਈਕਲ ਰਾਹੀਂ ਯਾਤਰਾ ਕਰ ਰਹੇ ਹਨ ਪ੍ਰੰਤੂ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਉਹਨਾਂ ਦੱਸਿਆ ਕਿ ਉਹਨਾਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਸਾਈਕਲ ਚਲਾਉਣ ਉਪਰੰਤ ਪੰਜਾਬ ਦੇ ਲੋਕਾਂ ਵੱਲੋਂ ਰੋਕ-ਰੋਕ ਕੇ ਉਹਨਾਂ ਦਾ ਹਾਲ ਪੁੱਛਿਆ ਅਤੇ ਲੋਕਾਂ ਨੇ ਉਹਨਾਂ ਨੂੰ ਪਿਆਰ ਵੀ ਕੀਤਾ।





Comments