ਬਾਬਾ ਰਾਮਦੇਵ ਤੇ ਬਾਲਕ੍ਰਿਸ਼ਨ ਨੂੰ Patanjali Misleading Advertisement Case 'ਸੁਪਰੀਮ ਕੋਰਟ ’ਚ ਪੇਸ਼ ਹੋਣ ਦਾ ਹੁਕਮ
- bhagattanya93
- Mar 20, 2024
- 2 min read
20/03/2024
ਸੁਪਰੀਮ ਕੋਰਟ ਨੇ ਪਤੰਜਲੀ ਉਤਪਾਦਾਂ ਦੀ ਪ੍ਰਭਾਵਸ਼ੀਲਤਾ ਬਾਰੇ ਇਸ਼ਤਿਹਾਰ ਮਾਮਲੇ ਨਾਲ ਸਬੰਧਤ ਹੁਕਮ ਅਦੂਲੀ ਦੀ ਕਾਰਵਾਈ ’ਚ ਕਾਰਨ ਦੱਸੋ ਨੋਟਿਸ ਦਾ ਜਵਾਬ ਦਾਖ਼ਲ ਨਾ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਕੋਰਟ ਨੇ ਬਾਬਾ ਰਾਮਦੇਵ ਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਅਚਾਰੀਆ ਬਾਲਕ੍ਰਿਸ਼ਨ ਨੂੰ ਕੋਰਟ ’ਚ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਜਸਟਿਸ ਹਿਮਾ ਕੋਹਲੀ ਤੇ ਜਸਟਿਸ ਅਹਿਸਾਨੁੱਦੀਨ ਅਮਾਨੁੱਲਾ ਦੇ ਬੈਂਚ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਹੁਕਮ ਦਿੱਤੇ। ਪਿਛਲੀ ਸੁਣਵਾਈ 27 ਫਰਵਰੀ ਨੂੰ ਕੋਰਟ ਨੇ ਪਤੰਜਲੀ ਆਯੁਰਵੇਦ ਤੇ ਉਸ ਦੇ ਡਾਇਰੈਟਰਾਂ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਸੀ ਕਿ ਕੋਰਟ ਨੂੰ ਦਿੱਤੀ ਗਈ ਅੰਡਰਟੇਕਿੰਗ ਦੀ ਉਲੰਘਣਾ ਕਰਨ ’ਤੇ ਕਿਉਂ ਨਾ ਉਨ੍ਹਾਂ ਖ਼ਿਲਾਫ਼ ਹੁਕਮ ਅਦੂਲੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। ਕੋਰਟ ਨੇ ਦੋ ਹਫ਼ਤਿਆਂ ’ਚ ਜਵਾਬ ਤਲਬ ਕੀਤਾ ਸੀ। ਮੰਗਲਵਾਰ ਨੂੰ ਜਦੋਂ ਮਾਮਲਾ ਸੁਣਵਾਈ ’ਤੇ ਆਇਆ ਤਾਂ ਕੋਰਟ ਨੂੰ ਦੱਸਿਆ ਗਿਆ ਕਿ ਹੁਕਮ ਅਦੂਲੀ ਨੋਟਿਸ ਦਾ ਜਵਾਬ ਦਾਖ਼ਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਅਦਾਲਤ ਨੇ ਨਾਰਾਜ਼ਗੀ ਦੱਸਦੇ ਹੋਏ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਅਚਾਰੀਆ ਬਾਲਕ੍ਰਿਸ਼ਨ ਨੂੰ ਅਗਲੀ ਤਰੀਕ ’ਤੇ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ ਕੋਰਟ ਨੇ ਬਾਬਾ ਰਾਮਦੇਵ ਨੂੰ ਵੀ ਹੁਕਮ ਅਦੂਲੀ ਦਾ ਨੋਟਿਸ ਜਾਰੀ ਕੀਤਾ ਤੇ ਉਨ੍ਹਾਂ ਨੂੰ ਵੀ ਅਗਲੀ ਤਰੀਕ ’ਤੇ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਹੁਕਮ ਦਿੱਤਾ।
ਪਤੰਜਲੀ ਵੱਲੋਂ ਪੇਸ਼ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਰਾਮਦੇਵ ਨੂੰ ਨੋਟਿਸ ਜਾਰੀ ਕਰਨ ਦਾ ਵਿਰੋਧ ਕੀਤਾ। ਉਨ੍ਹਾਂ ਨੇ ਜਵਾਬ ਦਾਖ਼ਲ ਨਾ ਕਰ ਸਕਣ ’ਤੇ ਸਫ਼ਾਈ ਦਿੱਤੀ, ਪਰ ਬੈਂਚ ਨਹੀਂ ਮੰਨਿਆ। ਬੈਂਚ ਨੇ ਕਿਹਾ ਕਿ ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਸੀ। ਇਸ ਨੂੰ ਦਾਖ਼ਲ ਨਾ ਕਰਨ ਦਾ ਮਤਲਬ ਹੈ ਕਿ ਹੁਕਮ ਜਾਰੀ ਹੋਣਗੇ ਤੇ ਉਸ ਦੇ ਨਤੀਜੇ ਹੋਣਗੇ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਖਿਚਾਈ ਵੀ ਕੀਤੀ ਕਿਉਂਕਿ ਉਸ ਨੇ ਸੋਮਵਾਰ ਸ਼ਾਮ ਨੂੰ ਜਿਹੜਾ ਹਲਫ਼ਨਾਮਾ ਦਾਖ਼ਲ ਕੀਤਾ ਸੀ, ਉਹ ਰਿਕਾਰਡ ’ਤੇ ਨਹੀਂ ਸੀ। ਨਾਲ ਹੀ ਕੇਂਦਰ ਨੂੰ ਆਪਣਾ ਪਹਿਲਾਂ ਦਾਖ਼ਲ ਵਾਧੂ ਹਲਫ਼ਨਾਮਾ ਵਾਪਸ ਲੈਣ ਤੇ ਆਖ਼ਰੀ ਮੌਕੇ ਦੇ ਰੂਪ ’ਚ ਨਵਾਂ ਹਲਫ਼ਨਾਮਾ ਦਾਖ਼ਲ ਕਰਨ ਲਈ ਦੋ ਹਫ਼ਤੇ ਦਾ ਸਮਾਂ ਦਿੱਤਾ ਜਿਸ ’ਚ ਚੁੱਕੇ ਗਏ ਕਦਮਾਂ ਦਾ ਬਿਓਰਾ ਹੋਵੇਗਾ। ਜਦੋਂ ਰੋਹਤਗੀ ਨੇ ਕਿਹਾ ਕਿ ਰਾਮਦੇਵ ਪਤੰਜਲੀ ਆਯੁਰਵੇਦ ’ਚ ਕਿਸੇ ਅਹੁਦੇ ’ਤੇ ਨਹੀਂ ਹਨ ਤੇ ਕੋਈ ਨਵਾਂ ਇਸ਼ਤਿਹਾਰ ਵੀ ਜਾਰੀ ਨਹੀ ੰਕੀਤਾ ਗਿਆ, ਉਨ੍ਹਾਂ ਨੂੰ ਨੋਟਿਸ ਜਾਰੀ ਕਰਨ ਦਾ ਕੋਈ ਕਾਰਨ ਤਾਂ ਹੋਣਾ ਚਾਹੀਦਾ ਹੈ। ਇਸ ’ਤੇ ਬੈਂਚ ਨੇ ਕਿਹਾ ਕਿ ਇਸ ਦਾ ਕਾਰਨ ਹੁਕਮ ’ਚ ਦਿੱਤਾ ਗਿਆ ਹੈ।
ਇਸ ਮਾਮਲੇ ’ਚ ਆਈਐੱਮਏ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਕੇ ਬਾਬਾ ਰਾਮਦੇਵ ਦੇ ਪਤੰਜਲੀ ਆਯੁਰਵੇਦ ’ਤੇ ਆਧੁਨਿਕ ਮੈਡੀਕਲ ਪ੍ਰਣਾਲੀ ਤੇ ਕੋਵਿਡ ਟੀਕਾਕਰਨ ਖ਼ਿਲਾਫ਼ ਮੁਹਿੰਮ ਚਲਾਉਣ ਤੇ ਕੁਝ ਬਿਮਾਰੀਆਂ ਦੇ ਇਲਾਜ ਦਾ ਦਾਅਵਾ ਕਰਨ ਦੇ ਭਰਮਾਊ ਇਸ਼ਤਿਹਾਰ ਦੇਣ ਦਾ ਦੋਸ਼ ਲਗਾਇਆ ਹੈ। ਪਟੀਸ਼ਨ ’ਚ ਮੰਗ ਕੀਤੀ ਗਈ ਹੈ ਕਿ ਸੈਂਟਰ ਐਡਵਰਟਾਈਜ਼ਿੰਗ ਸਟੈਂਡਰਡ ਕੌਂਸਲ (ਏਐੱਸਸੀਆਈ) ਤੇ ਸੈਂਟਰ ਕਨਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀਸੀਪੀਏ) ਨੂੰ ਇਨ੍ਹਾਂ ਭਰਮਾਊ ਇਸ਼ਤਿਹਾਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਜਾਵੇ। ਪਿਛਲੀ ਸੁਣਵਾਈ ’ਤੇ ਅਦਾਲਤ ਨੇ ਇਹੋ ਜਿਹੇ ਇਸ਼ਤਿਹਾਰਾਂ ’ਤੇ ਕੇਂਦਰ ਸਰਕਾਰ ਦੇ ਕੋਈ ਕਾਰਵਾਈ ਨਾ ਕਰਨ ’ਤੇ ਵੀ ਨਾਰਾਜ਼ਗੀ ਪ੍ਰਗਟਾਈ ਸੀ। ਪਿਛਲੀ ਸੁਣਵਾਈ ’ਤੇ ਕੋਰਟ ਨੇ ਹੁਕਮ ਅਦੂਲੀ ਨੋਟਿਸ ਜਾਰੀ ਕਰਦੇ ਹੋਏ ਪਤੰਜਲੀ ਨੂੰ ਭਰਮਾਊ ਇਸ਼ਤਿਹਾਰਾਂ ਲਈ ਸਖ਼ਤ ਝਾੜ ਪਾਈ ਸੀ। ਕੋਰਟ ਨੇ ਪਤੰਜਲੀ ਆਯੁਰਵੇਦ ਤੇ ਉਸ ਦੇ ਅਧਿਕਾਰੀਆਂ ਨੂੰ ਖ਼ਬਰਦਾਰ ਕੀਤਾ ਸੀ ਕਿ ਉਹ ਪਿ੍ਰੰਟ ਤੇ ਇਲੈਕਟ੍ਰਾਨਿਕ ਮੀਡੀਆ ’ਚ ਕਿਸੇ ਵੀ ਦਵਾ ਪ੍ਰਣਾਲੀ ਖ਼ਿਲਾਫ਼ ਕੋਈ ਬਿਆਨ ਨਹੀਂ ਦੇਣਗੇ ਜਿਵੇਂ ਕਿ ਉਨ੍ਹਾਂ ਨੇ ਕੋਰਟ ਨੂੰ ਦਿੱਤੀ ਅੰਡਰਟੇਕਿੰਗ ’ਚ ਕਿਹਾ ਸੀ।






Comments