ਸੌਰ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਬ੍ਰਹਿਸਪਤੀ ਧਰਤੀ ਲਾਗੇ ਪੁੱਜਾ, ਅੱਜ ਪੂਰੀ ਰਾਤ ਦਿਸੇਗਾ
- bhagattanya93
- Dec 7, 2024
- 1 min read
07/12/2024

ਸੂਰਜੀ ਮੰਡਲ ਦਾ ਸਭ ਤੋਂ ਵੱਡਾ ਬ੍ਰਹਿਸਪਤੀ ਗ੍ਰਹਿ ਧਰਤੀ ਦੇ ਲਾਗੇ ਪੁੱਜ ਗਿਆ ਹੈ, ਇਸ ਲਈ ਖਗੋਲ ਪ੍ਰੇਮੀ ਦੀਦਾਰ ਕਰਨ ਲਈ ਨੈਨੀਤਾਲ ਪੁੱਜਣੇ ਸ਼ੁਰੂ ਹੋ ਗਏ ਹਨ। ਸ਼ਨਿੱਚਰਵਾਰ ਨੂੰ ਸੂਰਜ ਡੁੱਬਣ ਮਗਰੋਂ ਸਾਰੀ ਰਾਤ ਬ੍ਰਹਿਸਪਤੀ ਨੂੰ ਦੇਖਿਆ ਜਾ ਸਕੇਗਾ। ਨਾਲ ਹੀ ਸ਼ੁੱਕਰ ਗ੍ਰਹਿ ਵੀ ਚਮਕ ਬਿਖੇਰੇਗਾ। ਆਰੀਆ ਭੱਟ ਵਿਗਿਆਨ ਖੋਜ ਅਦਾਰਾ (ਏਰੀਜ) ਨੈਨੀਤਾਲ ਦੇ ਆਊਟਰੀਚ ਇੰਚਾਰਜ ਡਾ. ਵੀਰੇਂਦਰ ਨੇ ਦੱਸਿਆ ਕਿ ਬ੍ਰਹਿਸਪਤੀ ਤੇ ਸ਼ੁੱਕਰ ਸਾਰੇ ਤਾਰਿਆਂ ਦੀ ਤੁਲਨਾ ਵਿਚ ਚਮਕਦਾਰ ਨਜ਼ਰ ਆਉਣਗੇ। ਪੱਛਮੀ ਦਿਸ਼ਾ ਵਿਚ ਚਮਕੀਲਾ ਗ੍ਰਹਿ ਸ਼ੁੱਕਰ ਤੇ ਪੂਰਬੀ ਦਿਸ਼ਾ ਤੋਂ ਸ਼ਾਮ ਹੁੰਦੇ ਸਾਰ ਬ੍ਰਹਿਸਪਤੀ ਦਾ ਉਦੈ ਹੋਵੇਗਾ। ਸ਼ਨਿੱਚਰਵਾਰ ਨੂੰ ਬ੍ਰਹਿਸਪਤੀ ਗ੍ਰਹਿ ਪ੍ਰਿਥਵੀ ਤੋਂ 61.1 ਕਰੋੜ ਕਿੱਲੋਮੀਟਰ ਦੂਰ ਹੋਵੇਗਾ।
ਬ੍ਰਹਿਸਪਤੀ ਸੂਰਜ ਡੁੱਬਣ ਦੇ ਨਾਲ ਉਦੈ ਹੋਵੇਗਾ ਤੇ ਸੂਰਜ ਚੜ੍ਹਣ ਮੌਕੇ ਡੁੱਬ ਜਾਵੇਗਾ। ਨੈਨੀਤਾਲ ਵਿਚ 13 ਘੰਟੇ ਤੋਂ ਵੀ ਵੱਧ ਸਮੇਂ ਤੱਕ ਇਸ ਨੂੰ ਦੇਖਿਆ ਜਾ ਸਕੇਗਾ। ਦਿੱਲੀ ਤੋਂ ਟੀਮ ਦੇ ਨਾਲ ਪੁੱਜੇ ਐਮੇਚਿਓਰ ਐਸਟ੍ਰੋਨਾਮਰ ਅਜੇ ਤਲਵਾਰ ਨੇ ਦੱਸਿਆ ਕਿ ਸ਼ਨਿੱਚਰਵਾਰ ਪੂਰੀ ਰਾਤ ਉਹ ਨਿਗਰਾਨੀ ਕਰਨਗੇ। ਇਨ੍ਹੀਂ ਦਿਨੀਂ ਮੌਸਮ ਸਾਫ਼ ਹੈ। ਨੈਨੀਤਾਲ ਵਿਚ ਪ੍ਰਦੂਸ਼ਣ ਨਹੀਂ ਹੈ, ਇਸ ਨਾਲ ਨਿਗਰਾਨੀ ਦਾ ਕਾਰਜ ਸੁਖਾਲਾ ਰਹੇਗਾ। ਇੰਜੀਨੀਅਰ ਮੋਹਿਤ ਨੇ ਦੱਸਿਆ ਕਿ ਖਗੋਲੀ ਘਟਨਾਵਾਂ ਦੇ ਲਿਹਾਜ਼ ਨਾਲ ਇਹ ਮਹੀਨਾ ਖ਼ਾਸ ਰਹੇਗਾ।





Comments