ਸਕੂਲੀ ਵਿਦਿਆਰਥੀਆਂ ਦੀ ਲੜਾਈ ਨੇ ਧਾਰਿਆ ਹਿੰਸਕ ਰੂਪ, ਫਾਇਰਿੰਗ 'ਚ ਤਿੰਨ ਨੌਜਵਾਨ ਜ਼ਖ਼ਮੀ
- bhagattanya93
- Aug 17
- 2 min read
17/08/2025

ਰਾਮਪੁਰਾ ਫੂਲ ਦੇ ਸਥਾਨਕ ਗੁਰੂ ਨਾਨਕਪੁਰਾ ਮੁਹੱਲੇ ਵਿੱਚ ਹੋਏ ਦੋ ਧਿਰਾਂ ਦੇ ਝਗੜੇ ਦੌਰਾਨ ਤਿੰਨ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਝਗੜੇ ਦੌਰਾਨ ਫਾਇਰਿੰਗ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਇਸ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਥਾਣਾ ਸਿਟੀ ਰਾਮਪੁਰਾ ਦੇ ਮੁਖੀ ਸਬ-ਇੰਸਪੈਕਟਰ ਬੂਟਾ ਸਿੰਘ ਨੇ ਦੱਸਿਆ ਕਿ ਸੇਵਾ ਮੁਕਤ ਪਟਵਾਰੀ ਪਰਮਜੀਤ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦੋਂਕਿ ਦੂਜੇ ਪੱਖ ਦੇ ਬਿਆਨ ਵੀ ਲਏ ਜਾ ਰਹੇ ਹਨ। ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਆਪਣੀ ਸ਼ਿਕਾਇਤ ਵਿੱਚ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਲਗਭਗ 16 ਸਾਲਾ ਦੋਹਤੇ ਯੁਵਰਾਜ ਸਿੰਘ ਨਾਲ ਗੁਰੂ ਨਾਨਕਪੁਰਾ ਮਹੱਲੇ ਵਿੱਚ ਰਹਿੰਦਾ ਹੈ, ਜਦੋਂਕਿ ਪਰਿਵਾਰ ਦੇ ਹੋਰ ਮੈਂਬਰ ਵਿਦੇਸ਼ ਵਿੱਚ ਰਹਿੰਦੇ ਹਨ।
ਯੁਵਰਾਜ ਸਿੰਘ ਸਥਾਨਕ ਨਿੱਜੀ ਸਕੂਲ 'ਚ 11ਵੀਂ ਕਲਾਸ ਦਾ ਵਿਦਿਆਰਥੀ ਹੈ। ਪਰਮਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਯੁਵਰਾਜ ਟਿਊਸ਼ਨ ਤੋਂ ਘਰ ਆ ਰਿਹਾ ਸੀ, ਇਸ ਦੌਰਾਨ ਇੱਕ ਨੌਜਵਾਨ ਜੋ ਉਸ ਦੇ ਦੋਹਤੇ ਨਾਲ ਸਕੂਲ ਵਿੱਚ ਪੜ੍ਹਦਾ ਹੈ, ਉਸ ਨੇ ਉਸਦੇ ਦੋਹਤੇ ਯੁਵਰਾਜ ਸਿੰਘ ਦਾ ਰਸਤਾ ਰੋਕ ਕੇ ਉਸ ਨਾਲ ਕੁੱਟਮਾਰ ਕੀਤੀ। ਯੁਵਰਾਜ ਵੱਲੋਂ ਮੋਬਾਈਲ ਰਾਹੀਂ ਸੁਚਨਾ ਮਿਲਣ 'ਤੇ ਜਦੋਂ ਪਰਮਜੀਤ ਸਿੰਘ ਮੌਕੇ 'ਤੇ ਪਹੁੰਚੇ ਤਾਂ ਉਹ ਨੌਜਵਾਨ ਗੁੱਸੇ ਵਿੱਚ ਆ ਗਿਆ ਅਤੇ ਘਰ ਆ ਕੇ ਵੇਖ ਲੈਣ ਦੀ ਧਮਕੀ ਦੇ ਗਿਆ।
ਕਰੀਬ ਦੋ ਘੰਟਿਆਂ ਬਾਅਦ ਉਹ ਨੌਜਵਾਨ ਆਪਣੇ ਇੱਕ ਹੋਰ ਸਾਥੀ ਸਮੇਤ ਹੱਥੀਂ ਹਥਿਆਰ ਲੈ ਕੇ ਪਰਮਜੀਤ ਸਿੰਘ ਦੇ ਘਰ ਵਿੱਚ ਦਾਖ਼ਲ ਹੋ ਗਿਆ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਖੁਦ ਉੱਤੇ ਹਮਲਾ ਦੇਖਦੇ ਹੋਏ ਪਰਮਜੀਤ ਸਿੰਘ ਨੇ ਆਪਣਾ ਟੇਬਲ 'ਤੇ ਰੱਖਿਆ ਲਾਇਸੈਂਸੀ ਰਿਵਾਲਵਰ ਚੁੱਕ ਕੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਕਰਦੇ ਹੀ ਦੋਵੇਂ ਨੌਜਵਾਨ ਘਰ ਦੇ ਬਾਹਰ ਮੋਟਰਸਾਈਕਲ 'ਤੇ ਖੜ੍ਹੇ ਆਪਣੇ ਤੀਜੇ ਸਾਥੀ ਨਾਲ ਮਿਲਕੇ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਤੋਂ ਬਾਅਦ ਲੋਕਾਂ ਨੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਪਰਮਜੀਤ ਸਿੰਘ ਦੇ ਬਿਆਨ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਦੂਜੇ ਪੱਖ ਦੇ ਬਿਆਨ ਵੀ ਲਏ ਜਾ ਰਹੇ ਹਨ। ਦੂਜੇ ਪਾਸੇ ਸੂਤਰਾਂ ਅਨੁਸਾਰ ਦੂਜੇ ਪੱਖ ਦੇ ਦੋ ਨੌਜਵਾਨਾਂ ਨੂੰ ਗੋਲੀ ਲੱਗਣ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੋਂ ਇਕ ਨੌਜਵਾਨ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ।





Comments