10 ਸਾਲ ਤੋਂ ਵੱਧ ਉਮਰ ਦੇ ਬੱਚੇ ਹੁਣ ਖੁਦ ਚਲਾ ਸਕਣਗੇ ਆਪਣਾ ਬੈਂਕ ਖਾਤਾ, RBI ਨੇ ਦਿੱਤੀ ਇਜਾਜ਼ਤ
- bhagattanya93
- Apr 22
- 2 min read
22/04/2025

ਆਰਬੀਆਈ ਨੇ ਸੋਮਵਾਰ ਨੂੰ ਬੈਂਕਾਂ ਨੂੰ 10 ਸਾਲਾਂ ਤੋਂ ਵੱਧ ਉਮਰ ਦੇ ਨਾਬਾਲਗ ਬੱਚਿਆਂ ਨੂੰ ਆਜ਼ਾਦਾਨਾ ਢੰਗ ਨਾਲ ਬਚਤ/ਮਿਆਦੀ ਜਮ੍ਹਾ ਖਾਤੇ ਖੋਲ੍ਹਣ ਅਤੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ। ਕੇਂਦਰੀ ਬੈਂਕ ਨੇ ਇਸ ਸਬੰਧ ’ਚ ਨਾਬਲਗਾਂ ਨੂੰ ਜਮ੍ਹਾ ਖਾਤੇ ਖੋਲ੍ਹਣ ਅਤੇ ਚਲਾਉਣ ’ਤੇ ਸੋਧੇ ਨਿਰਦੇਸ਼ ਜਾਰੀ ਕੀਤੇ ਹਨ। ਆਰਬੀਆਈ ਨੇ ਕਮਰਸ਼ੀਅਲ ਬੈਂਕਾਂ ਅਤੇ ਸਹਿਕਾਰੀ ਬੈਂਕਾਂ ਨੂੰ ਜਾਰੀ ਇਕ ਸਰਕੁਲਰ ’ਚ ਕਿਹਾ ਕਿ ਕਿਸੇ ਵੀ ਉਮਰ ਦੇ ਨਾਬਲਗਾਂ ਨੂੰ ਆਪਣੇ ਕੁਦਰਤੀ ਜਾਂ ਕਾਨੂੰਨੀ ਸਰਪ੍ਰਸਤ ਰਾਹੀਂ ਬਚਤ ਅਤੇ ਮਿਆਦੀ ਜਮ੍ਹਾ ਖਾਤੇ ਖੋਲ੍ਹਣ ਅਤੇ ਚਲਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੂੰ ਆਪਣੀ ਮਾਂ ਨੂੰ ਸਰਪ੍ਰਸਤ ਦੇ ਰੂਪ ’ਚ ਰੱਖ ਕੇ ਵੀ ਅਜਿਹੇ ਖਾਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਪੱਤਰ ’ਚ ਕਿਹਾ ਗਿਆ,‘ਘੱਟ ਤੋਂ ਘੱਟ ਦਸ ਸਾਲ ਦੀ ਉਮਰ ਹੱਦ ਅਤੇ ਉਸ ਤੋਂ ਉੱਪਰ ਦੇ ਨਾਬਾਲਗਾਂ ਨੂੰ ਉਨ੍ਹਾਂ ਦੀ ਇੱਛਾ ’ਤੇ ਆਜ਼ਾਦਾਨਾ ਢੰਗ ਨਾਲ ਬਚਤ/ਮਿਆਦੀ ਜਮ੍ਹਾ ਖਾਤੇ ਖੋਲ੍ਹਣ ਅਤੇ ਚਲਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ’ਚ ਬੈਂਕ ਆਪਣੀ ਜ਼ੋਖਿਮ ਪ੍ਰਬੰਧਨ ਨੀਤੀ ਨੂੰ ਧਿਆਨ ’ਚ ਰੱਖਦੇ ਹੋਏ ਰਕਮ ਅਤੇ ਸ਼ਰਤਾਂ ਤੈਅ ਕਰ ਸਕਦਾ ਹੈ। ਇਸ ਬਾਰੇ ਜੋ ਵੀ ਨਿਯਮ ਅਤੇ ਸ਼ਰਤਾਂ ਤੈਅ ਕੀਤੀਆਂ ਜਾਂਦੀਆਂ ਹਨ, ਉਸ ਬਾਰੇ ਖਾਤਾਧਾਰਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ’। ਇਸ ਤੋਂ ਇਲਾਵਾ ਬਾਲਗ ਹੋਣ ’ਤੇ ਖਾਤਾਧਾਰਕ ਦੇ ਨਵੇਂ ਸੰਚਾਲਨ ਨਿਰਦੇਸ਼ ਅਤੇ ਨਮੂਨਾ ਹਸਤਾਖਰ ਪ੍ਰਾਪਤ ਕੀਤੇ ਜਾਣੇ ਚਾਹੀਦੇ ਅਤੇ ਉਨ੍ਹਾਂ ਨੂੰ ਰਿਕਾਰਡ ’ਚ ਰੱਖਿਆ ਜਾਣਾ ਚਾਹੀਦਾ। ਪੱਤਰ ’ਚ ਕਿਹਾ ਗਿਆ,‘ਬੈਂਕ ਆਪਣੀ ਜ਼ੋਖਿਮ ਪ੍ਰਬੰਧਨ ਨੀਤੀ, ਉਤਪਾਦ ਅਤੇ ਗਾਹਕਾਂ ਦੇ ਆਧਾਰ ’ਤੇ ਨਾਬਾਲਗ ਖਾਤਾਧਾਰਕਾਂ ਨੂੰ ਇੰਟਰਨੈੱਟ ਬੈਂਕਿੰਗ, ਏਟੀਐੱਮ/ਡੈਬਿਟ ਕਾਰਡ, ਚੈੱਕਬੁੱਕ ਸਹੂਲਤ ਆਦਿ ਵਰਗੀਆਂ ਵਾਧੂ ਸਹੂਲਤਾਂ ਦੇਣ ਲਈ ਆਜ਼ਾਦ ਹੈ।’ ਬੈਂਕਾਂ ਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਨਾਬਾਲਗਾਂ ਦੇ ਖਾਤੇ ਭਾਵੇਂ ਉਹ ਆਜ਼ਾਦਾਨਾ ਢੰਗ ਨਾਲ ਚਲਦੇ ਹੋਣ ਜਾਂ ਸਰਪ੍ਰਸਤਾਂ ਦੇ ਰਾਹੀਂ ਉਨ੍ਹਾਂ ’ਚੋਂ ਜ਼ਿਆਦਾ ਨਿਕਾਸੀ ਨਾ ਹੋਵੇ ਅਤੇ ਇਸ ’ਚ ਹਮੇਸ਼ਾ ਰਕਮ ਰਹੇ।
ਆਰਬੀਆਈ ਨੇ ਕਿਹਾ ਕਿ ਇਸ ਤੋਂ ਇਲਾਵਾ ਬੈਂਕ ਨਾਬਾਲਗਾਂ ਦੇ ਜਮ੍ਹਾ ਖਾਤੇ ਖੋਲ੍ਹਣ ਲਈ ਗਾਹਕ ਦੀ ਲੁੜੀਂਦੀ ਜਾਂਚ-ਪੜਤਾਲ ਕਰਨਗੇ ਅਤੇ ਇਸ ਨੂੰ ਅੱਗੇ ਵੀ ਜਾਰੀ ਰੱਖਣਗੇ। ਕੇਂਦਰੀ ਬੈਂਕ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਇਕ ਜੁਲਾਈ, 2025 ਤੱਕ ਸੋਧੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਨਵੀਆਂ ਨੀਤੀਆਂ ਬਣਾਉਣ ਜਾਂ ਮੌਜੂਦਾ ਨੀਤੀਆਂ ’ਚ ਸੋਧ ਕਰਨ।
Comentarios