14 ਸਾਲਾਂ ’ਚ 31 ਤਬਾਦਲੇ, 2 ਵਾਰ ਸਸਪੈਂਡ, ਇੰਸਟਾ ਕਵੀਨ ਵਜੋਂ ਮਸ਼ਹੂਰ ਕਾਂਸਟੇਬਲ ਅਮਨਦੀਪ ਕੌਰ ਦਾ ਵਿਵਾਦਾਂ ਨਾਲ ਰਿਹੈ ਗਹਿਰਾ ਨਾਤਾ
- Ludhiana Plus
- Apr 4
- 2 min read
04 Apr 2025

ਡੀਜੀਪੀ ਗੌਰਵ ਯਾਦਵ (DGP Gaurav Yadav) ਦੇ ਹੁਕਮਾਂ ’ਤੇ ਵੀਰਵਾਰ ਨੂੰ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ (Senior Constable Amandeep Kaur) ਜਿਸ ਨੂੰ ਪੁਲਿਸ ਨੇ 17.71 ਗ੍ਰਾਮ ਹੈਰੋਇਨ ਨਾਲ ਫੜਿਆ ਸੀ, ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਇੰਸਟਾਗ੍ਰਾਮ ’ਤੇ ਇੰਸਟਾ ਕਵੀਨ (Insta Queen) ਵਜੋਂ ਜਾਣੀ ਜਾਂਦੀ ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਵਸਨੀਕ ਅਮਨਦੀਪ ਦੀ 14 ਸਾਲਾਂ ਦੀ ਸੇਵਾ ਪੁਲਿਸ ਵਿਭਾਗ ’ਚ ਵਿਵਾਦਾਂ ਨਾਲ ਭਰੀ ਰਹੀ ਹੈ। ਅਮਨਦੀਪ ਕੌਰ ਜੋ 26 ਨਵੰਬਰ 2011 ਨੂੰ ਬਠਿੰਡਾ ਪੁਲਿਸ ਲਾਈਨ ’ਚ ਸ਼ਾਮਲ ਹੋਈ ਸੀ, ਦਾ ਨੌਕਰੀ ਦਾ ਇਤਿਹਾਸ ਵੱਖ-ਵੱਖ ਵਿਭਾਗਾਂ ’ਚ ਤਬਾਦਲਿਆਂ ਅਤੇ ਤਾਇਨਾਤੀਆਂ ਨਾਲ ਭਰਿਆ ਹੋਇਆ ਹੈ। 14 ਸਾਲਾਂ ’ਚ ਉਸਦਾ 31 ਵਾਰ ਤਬਾਦਲਾ ਹੋਇਆ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਆਪਣੀ ਡਿਊਟੀ ਨਿਭਾਈ। ਉਹ ਆਪਣੇ ਆਪ ਨੂੰ ਜਿੱਥੇ ਮਰਜ਼ੀ ਤਬਦੀਲ ਕਰ ਲੈਂਦੀ ਸੀ। ਇੰਨਾ ਹੀ ਨਹੀਂ ਇਸ ਸਮੇਂ ਦੌਰਾਨ ਅਮਨਦੀਪ ਕੌਰ ਨੂੰ ਦੋ ਵਾਰ ਮੁਅੱਤਲ ਵੀ ਕੀਤਾ ਗਿਆ ਪਰ ਉਸ ਦੇ ਵਿਵਹਾਰ ’ਚ ਕੋਈ ਬਦਲਾਅ ਨਹੀਂ ਆਇਆ। ਉਹ ਆਪਣੀ ਇੱਛਾ ਅਨੁਸਾਰ ਆਪਣੀ ਪਸੰਦ ਦੀ ਕਿਸੇ ਵੀ ਜਗ੍ਹਾ ’ਤੇ ਆਪਣਾ ਤਬਾਦਲਾ ਕਰਵਾ ਸਕਦੀ ਸੀ। ਆਪਣੀ ਨੌਕਰੀ ਦੌਰਾਨ ਉਹ ਜ਼ਿਆਦਾਤਰ ਮਾਲਵਾ ਖੇਤਰ ’ਚ ਤਾਇਨਾਤ ਰਹੀ। ਵੀਰਵਾਰ ਨੂੰ ਪੁਲਿਸ ਨੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲਿਸ ਨੂੰ ਉਮੀਦ ਹੈ ਕਿ ਉਸ ਤੋਂ ਪੁੱਛਗਿੱਛ ਦੌਰਾਨ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ ਹੋਵੇਗੀ। ਇਸ ਕਾਰਨ ਪੁਲਿਸ ਨੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਮੰਗਿਆ ਸੀ। ਖ਼ਾਸ ਗੱਲ ਇਹ ਹੈ ਕਿ ਉਸ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਪਹਿਲਾਂ ਉਸ ਦਾ ਡੋਪ ਟੈਸਟ ਕੀਤਾ ਗਿਆ ਸੀ ਜਿਸ ’ਚ ਉਸਦੀ ਰਿਪੋਰਟ ਨੈਗੇਟਿਵ ਆਈ।
ਦੂਜੇ ਪਾਸੇ, ਅਮਨਦੀਪ ਦੀ ਬਰਖ਼ਾਸਤਗੀ ਦੀ ਪੁਸ਼ਟੀ ਕਰਦਿਆਂ ਆਈਜੀ ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਨ੍ਹਾਂ ਹਦਾਇਤਾਂ ਤੋਂ ਬਾਅਦ ਅਮਨਦੀਪ ਵਿਰੁੱਧ ਤੁਰੰਤ ਇਹ ਕਾਰਵਾਈ ਕੀਤੀ ਗਈ ਹੈ। ਆਈਜੀ ਨੇ ਕਿਹਾ ਕਿ ਪੁਲਿਸ ਜਾਂਚ ਦੌਰਾਨ ਮੁਲਜ਼ਮਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਹਾਸਲ ਕੀਤੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੁੱਧਵਾਰ ਦੇਰ ਸ਼ਾਮ ਨੂੰ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪੁਲਿਸ ਟੀਮ ਨੇ ਬਾਦਲ ਰੋਡ ’ਤੇ ਓਵਰਬ੍ਰਿਜ ਨੇੜੇ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਆਪਣੀ ਥਾਰ ਕਾਰ ’ਚ ਸਫ਼ਰ ਕਰ ਰਹੀ ਸੀ।
Commentaires