8 ਕਰੋੜ ਦੇ ਨਿਵੇਸ਼ ਧੋਖਾਧੜੀ ’ਚ ਸ਼ਾਮਲ ਦੋ ਗ੍ਰਿਫ਼ਤਾਰ, ਗਿਰੋਹ ਦੇ ਮੈਬਰਾਂ ਖ਼ਿਲਾਫ਼ 14 ਸੂਬਿਆਂ ’ਚ ਮਿਲੀਆਂ 34 ਸਾਈਬਰ ਧੋਖਾਧੜੀ ਸ਼ਿਕਾਇਤਾਂ
- Ludhiana Plus
- Jun 18
- 2 min read
18/06/2025

ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪੰਚਕੂਲਾ ਅਤੇ ਅਬੋਹਰ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਨਿਵੇਸ਼ ਧੋਖਾਧੜੀ ਵਿਚ ਸ਼ਾਮਲ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਦਿੰਦਿਆ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਗਿਰੋਹ ਟੈਲੀਗ੍ਰਾਮ ਤੇ ਵਟਸਐਪ ਗਰੁੱਪਾਂ ਰਾਹੀਂ ਸਟਾਕ ਮਾਰਕੀਟ ਨਿਵੇਸ਼ ’ਚ ਵੱਡੇ ਮੁਨਾਫ਼ੇ ਦੀ ਪੇਸ਼ਕਸ਼ ਦਾ ਛਲਾਵਾ ਦੇ ਕੇ ਲੋਕਾਂ ਨੂੰ ਫਸਾਉਂਦਾ ਸੀ। ਇਸ ਗਿਰੋਹ ਦੇ ਸ਼ਾਤਿਰ ਲੋਕ ਪੀੜਤਾਂ ਨੂੰ ਆਪਣੇ ਭਰੋਸੇ ’ਚ ਲੈ ਕੇ ਮੋਬਾਈਲ ’ਚ ਇਕ ਜਾਅਲੀ ਏਪੀਕੇ ਐਪਲੀਕੇਸ਼ਨ ਇੰਸਟਾਲ ਕਰਵਾਉਂਦੇ ਸਨ, ਜਿਸ ’ਤੇ ਉਨ੍ਹਾਂ ਦੇ ਨਿਵੇਸ਼ ਕੀਤੇ ਪੈਸੇ ’ਤੇ ਭਾਰੀ ਵਾਪਸੀ ਦਾ ਵਾਅਦਾ ਕੀਤਾ ਜਾਂਦਾ ਸੀ। ਜਾਅਲੀ ਅਰਜ਼ੀ ’ਤੇ ਵੱਡੇ ਮੁਨਾਫ਼ੇ ਦੇ ਜਾਲ ’ਚ ਫਸ ਕੇ ਲੋਕ ਬੜੀ ਆਸਾਨੀ ਨਾਲ ਧੋਖੇਬਾਜ਼ਾਂ ਦੇ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪੈਸੇ ਨਿਵੇਸ਼ ਕਰ ਦਿੰਦੇ ਸਨ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪੰਚਕੂਲਾ ਤੋਂ ਵਰੁਣ ਕੁਮਾਰ ਅਤੇ ਅਬੋਹਰ ਦੇ ਸਾਹਿਲ ਸੇਠੀ ਵਜੋਂ ਹੋਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਵਰੁਣ ਕੁਮਾਰ ਨੇ ਆਪਣਾ ਬੈਂਕ ਖਾਤਾ ਸਾਹਿਲ ਸੇਠੀ ਨੂੰ ਕਮਿਸ਼ਨ ਦੇ ਆਧਾਰ ’ਤੇ ਕਿਰਾਏ ’ਤੇ ਦਿੱਤਾ ਸੀ, ਜੋ ਅੱਗੇ ਅਜਿਹੇ ਖਾਤੇ ਖ਼ਰੀਦਦਾ ਸੀ, ਜੋ ਉਸ ਨਾਲ ਵਰਚੁਅਲ ਮੋਬਾਈਲ ਨੰਬਰਾਂ ਰਾਹੀਂ ਸੰਪਰਕ ਵਿਚ ਸਨ, ਉਸ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਨਵੀਂ ਦਿੱਲੀ ਦੇ ਐਨ.ਸੀ.ਆਰ. ਖੇਤਰ ਦੀਆਂ ਵੱਖ-ਵੱਖ ਥਾਵਾਂ ’ਤੇ ਸਾਈਬਰ ਵਿੱਤੀ ਧੋਖਾਧੜੀ ਲਈ ਅੱਗੇ ਵੇਚ ਦਿੰਦਾ ਸੀ।
ਯਾਦਵ ਨੇ ਕਿਹਾ ਕਿ ਸਰਗਨਾ ਇਨ੍ਹਾਂ ਫਰਜ਼ੀ ਬੈਂਕ ਖਾਤਿਆਂ ’ਚ ਟਰਾਂਸਫਰ ਰਾਹੀਂ ਧੋਖਾਧੜੀ ਨਾਲ ਜੁਟਾਈ ਰਕਮ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਕਮਿਸ਼ਨ ਦਿੰਦੇ ਸਨ।
ਡੀਜੀਪੀ ਨੇ ਕਿਹਾ ਕਿ ਮੁਲਜ਼ਮ 14 ਰਾਜਾਂ ਵਿਚ ਲਗਭਗ 34 ਹੋਰ ਅਜਿਹੀਆਂ ਸਾਈਬਰ ਧੋਖਾਧੜੀ ਸ਼ਿਕਾਇਤਾਂ ਵਿਚ ਵੀ ਸ਼ਾਮਲ ਹਨ, ਜਿਨ੍ਹਾਂ ਵੱਲੋਂ ਕੀਤੇ ਘੁਟਾਲੇ ਦੀ ਕੁੱਲ ਰਕਮ 8 ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਰਚੁਅਲ ਮੋਬਾਈਲ ਨੰਬਰਾਂ ਅਤੇ ਇਨ੍ਹਾਂ ਧੋਖਾਧੜੀਆਂ ਲਈ ਜਿੰਮੇਵਾਰ ਵਿਆਪਕ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਕਿਹਾ ਕਿ 15 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਇਕ ਪੀੜਤ ਦੀ ਸ਼ਿਕਾਇਤ ਤੋਂ ਬਾਅਦ, ਇੰਸਪੈਕਟਰ ਜੁਝਾਰ ਸਿੰਘ ਦੀ ਨਿਗਰਾਨੀ ਹੇਠ ਇਕ ਸਾਈਬਰ ਕ੍ਰਾਈਮ ਟੀਮ ਨੇ ਡੂੰਘਾਈ ਨਾਲ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਟੀਮ ਨੇ ਕਈ ਓਐੱਸਆਈਐੱਨਟੀ ਤਕਨੀਕਾਂ ਅਤੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈਸੀ) ਦੇ ਸਮਨਵੇ ਪੋਰਟਲ ਦੀ ਤਕਨੀਕੀ ਸਹਾਇਤਾ ਵਰਤ ਕੇ ਦੋਸ਼ੀ ਵਿਅਕਤੀਆਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ’ਚ ਕਾਮਯਾਬੀ ਹਾਸਲ ਕੀਤੀ।
ਏਡੀਜੀਪੀ ਨੇ ਕਿਹਾ ਕਿ ਦਿੱਲੀ/ਐੱਨਸੀਆਰ ਖੇਤਰ ’ਚ ਵਰਚੁਅਲ ਮੋਬਾਈਲ ਨੰਬਰਾਂ ਅਤੇ ਜਾਅਲੀ ਬੈਂਕ ਖਾਤਿਆਂ ਦੀ ਡਿਲੀਵਰੀ ਬਾਰੇ ਹੋਰ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਗ੍ਰਿਫ਼ਤਾਰੀਆਂ ਨੇ 14 ਰਾਜਾਂ ’ਚ ਸਰਗਰਮ ਵੱਡੇ ਸਾਈਬਰ ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।





Comments