ਸੁਖਮਨੀ ਸਾਹਿਬ ਦੇ ਭੋਗ ਦੌਰਾਨ ਡਿੱਗੀ ਘਰ ਦੀ ਛੱਤ, ਇਕ ਦੀ ਮੌਤ, 15 ਜ਼ਖ਼ਮੀ; ਪੁੱਤਰ ਹੋਣ ਦੀ ਖ਼ੁਸ਼ੀ ’ਚ ਰਖਵਾਇਆ ਗਿਆ ਸੀ ਪਾਠ
- Feb 10, 2025
- 2 min read
10/02/2025

ਤਰਨਤਾਰਨ ਜ਼ਿਲ੍ਹੇ ਦੀ ਸਬ ਡਵੀਜ਼ਨ ਪੱਟੀ ਅਧੀਨ ਆਉਂਦੇ ਪਿੰਡ ਸਭਰਾ ਵਿਖੇ ਇਕ ਘਰ ’ਚ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਦੌਰਾਨ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਇਕ ਲੜਕੇ ਦੀ ਮੌਤ ਹੋ ਗਈ ਤੇ 15 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਪਿੰਡ ਸਭਰਾ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ’ਚ ਵੈਲਿਡੰਗ ਤੇ ਆਟਾ ਚੱਕੀ ਦਾ ਕੰਮ ਕਰਨ ਵਾਲੇ ਹਰਭਜਨ ਸਿੰਘ ਲਵਲੀ ਦੇ ਘਰ ਬੇਟੇ ਨੇ ਜਨਮ ਲਿਆ ਸੀ। ਉਸ ਦੇ ਸਵਾ ਮਹੀਨੇ ਦਾ ਹੋਣ ’ਤੇ ਐਤਵਾਰ ਨੂੰ ਘਰ ’ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਰਖਵਾਇਆ ਗਿਆ ਸੀ। ਘਰ ਦੀ ਪਹਿਲੀ ਮੰਜ਼ਿਲ ’ਤੇ ਇਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਜਦਕਿ ਦੂਜੇ ਪਾਸੇ ਟੈਂਟ ਲਗਾ ਕੇ ਹਲਵਾਈ ਲਗਾਏ ਗਏ ਸਨ। ਘਰ ਦੀ ਛੱਤ ਲੱਕੜ ਦੇ ਬਾਲਿਆਂ ਤੇ ਲੋਹੇ ਦੇ ਗਾਰਡਰਾਂ ਦੀ ਸੀ, ਜਿਹੜੀ ਕਰੀਬ 25 ਸਾਲ ਪਹਿਲਾਂ ਬਣਾਈ ਗਈ ਸੀ। ਹਲਵਾਈਆਂ ਦੇ ਨਾਲ ਹੀ ਮਹਿਮਾਨਾਂ ਨੂੰ ਵੀ ਲੰਗਰ ਛਕਾਉਣ ਲਈ ਬਿਠਾਇਆ ਗਿਆ ਸੀ। ਦੁਪਹਿਰ ਸਵਾ ਇਕ ਵਜੇ ਵਜ਼ਨ ਜ਼ਿਆਦਾ ਹੋਣ ਕਾਰਨ ਛੱਤ ਡਿੱਗ ਗਈ। ਵੱਡੀ ਗਿਣਤੀ ’ਚ ਲੋਕ ਛੱਤ ਦੇ ਮਲਬੇ ਹੇਠਾਂ ਦੱਬ ਗਏ। ਪਿੰਡ ਵਾਲਿਆਂ ਨੇ ਸਾਰਿਆਂ ਨੂੰ ਮਲਬੇ ਹੇਠਾਂ ਕੱਢਿਆ। ਪੱਟੀ ਤੇ ਤਰਨਤਾਰਨ ਤੋਂ ਚਾਰ ਐਂਬੁਲੈਂਸ ਗੱਡੀਆਂ ਮੰਗਵਾ ਕੇ ਸਾਰਿਆਂ ਨੂੰ ਸਿਵਲ ਹਸਪਤਾਲ, ਤਰਨਤਾਰਨ ਦਾਖ਼ਲ ਕਰਵਾਇਆ ਗਿਆ। ਹਸਪਤਾਲ ਲਿਜਾਣ ਦੌਰਾਨ ਹਰੀਕੇ ਤੋਂ ਆਏ ਲਵਲੀ ਦੀ ਭੂਆ ਦੇ ਪੁੱਤਰ ਗੁਰਪ੍ਰੀਤ ਸਿੰਘ (32) ਨੇ ਦਮ ਤੋੜ ਦਿੱਤਾ। ਇਸ ਤੋਂ ਇਲਾਵਾ 54 ਸਾਲਾ ਪ੍ਰਗਟ ਸਿੰਘ, ਉਨ੍ਹਾਂ ਦੀ ਪਤਨੀ 52 ਸਾਲਾ ਬਲਜੀਤ ਕੌਰ ਵਾਸੀ ਸਭਰਾ, ਚਰਨਜੀਤ ਕੌਰ (40), ਜਸਵਿੰਦਰ ਕੌਰ (55), ਮਨਦੀਪ ਕੌਰ (37), ਮਨਜੀਤ ਕੌਰ (7), ਤੇਜਿੰਦਰ ਸਿੰਘ (46), ਜਸਵੰਤ ਕੌਰ (70), ਰਾਜਵਿੰਦਰ ਸਿੰਘ (45), ਸੰਧਾਰ ਸਿੰਘ (45), ਗੁਰਜੀਤ ਕੌਰ (42), ਹਰਪ੍ਰੀਤ ਕੌਰ (24), ਜੁਝਾਰ ਸਿੰਘ (5), ਬਲਵਿੰਦਰ ਕੌਰ (62), ਹਰਭਜਨ ਕੌਰ (45) ਤੇ ਸ਼ਿੰਗਾਰਾ ਸਿੰਘ (45) ਜ਼ਖ਼ਮੀ ਹਾਲਤ ’ਚ ਵੱਖ-ਵੱਖ ਹਸਪਤਾਲਾਂ ’ਚ ਇਲਾਜ ਅਧੀਨ ਹਨ।

ਕੈਬਨਿਟ ਮੰਤੀਰ ਲਾਲਜੀਤ ਸਿੰਘ ਭੁੱਲਰ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦੇ ਹੋਏ ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਗੁਰਪ੍ਰੀਤ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਆਰਿਥਕ ਮਦਦ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਜ਼ਖ਼ਮੀਆਂ ਦਾ ਸਰਕਾਰੀ ਤੌਰ ’ਤੇ ਮੁਫ਼ਤ ਇਲਾਜ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਹਨ।





Comments