ਪੁਲਿਸ ਨੇ ਕੁਝ ਹੀ ਸਮੇਂ 'ਚ ਢਹਿ-ਢੇਰੀ ਕੀਤਾ ਖਨੌਰੀ ਕਿਸਾਨ ਮੋਰਚਾ, ਪੁਲਿਸ ਫੋਰਸ ਅੱਗੇ ਕਿਸਾਨਾਂ ਦੀ ਇੱਕ ਨਾ ਚੱਲੀ
- Ludhiana Plus
- Mar 20
- 2 min read
20/03/2025

ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਐਮਐਸਪੀ ਸਮੇਤ 12 ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਉਪਰ ਲੱਗੇ ਕਿਸਾਨਾਂ ਦੇ ਮੋਰਚੇ ਨੂੰ ਪੰਜਾਬ ਪੁਲਿਸ ਦੇ ਐਕਸ਼ਨ ਨੇ ਕੁਝ ਹੀ ਘੰਟਿਆਂ ਵਿਚ ਢਹਿ ਢੇਰੀ ਕਰ ਦਿੱਤਾ।
ਹਾਲਾਂਕਿ, ਮੋਰਚੇ 'ਤੇ ਕੁਝ ਕਿਸਾਨਾਂ ਨੇ ਵਿਰੋਧ ਵੀ ਕੀਤਾ ਪ੍ਰੰਤੂ ਵੱਡੀ ਗਿਣਤੀ ਪੁੱਜੀ ਪੁਲਿਸ ਫੋਰਸ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ।
ਖਨੌਰੀ ਬਾਰਡਰ ਉਪਰ ਐਕਸ਼ਨ ਸ਼ੁਰੂ ਕਰਨ ਤੋ ਪਹਿਲਾਂ ਡੀਆਈਜੀ ਪਟਿਆਲਾ ਰੇਜ ਮਨਦੀਪ ਸਿੰਘ ਸਿੱਧੂ ਨੇ ਮੋਰਚੇ ਤੇ ਬੈਠੇ ਕਿਸਾਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਮੋਰਚੇ ਤੇ ਉੱਠ ਜਾਣ ਦੀ ਅਪੀਲ ਕੀਤੀ। ਹੱਥ ਜੋੜਦਿਆਂ ਸਿੱਧੂ ਨੇ ਕਿਹਾ ਕਿ ਸਰਕਾਰ ਵਲੋ ਖਨੌਰੀ ਬਾਰਡਰ ਤੋ ਮੋਰਚਾ ਹਟਾ ਕੇ ਰਸਤਾ ਸਾਫ ਕਰਨ ਦੇ ਹੁਕਮ ਦਿੱਤੇ ਹਨ। 101 ਫੀਸਦੀ ਖਨੌਰੀ ਬਾਰਡਰ ਤੇ ਰਸਤੇ ਨੂੰ ਅੱਜ ਸਾਫ ਕੀਤਾ ਜਾਵੇਗਾ।
ਇਸ ਲਈ ਕਿਸੇ ਵੀ ਰੂਪ ਵਿਚ ਕੋਈ ਅਜਿਹੀ ਹਰਕਤ ਨਾ ਕੀਤੀ ਜਾਵੇ ਕਿ ਪੁਲਿਸ ਨਾਲ ਟਕਰਾਅ ਦੀ ਸਥਿਤੀ ਪੈਦਾ ਹੋਵੇ। ਇਸ ਟਕਰਾਅ ਵਿਚ ਪੁਲਿਸ ਪ੍ਰਸ਼ਾਸਨ ਨਹੀ ਚਾਹੁੰਦਾ ਕਿ ਬਜੁਰਗਾਂ ਦੇ ਨਾਲ ਕੋਈ ਧੱਕਾ-ਮੁੱਕੀ, ਲਾਠੀਚਾਰਜ ਕਰਨ ਦੀ ਲੋੜ ਨਾ ਪਵੇ। ਬਜੁਰਗਾਂ, ਮਾਂਵਾ, ਨੌਜਵਾਨ ਕਿਸਾਨਾਂ ਤੇ ਕਿਸੀ ਤਰ੍ਹਾਂ ਦਾ ਐਕਸ਼ਨ ਲੈਣ ਲਈ ਮਜਬੂਰ ਨਾ ਕਰਨ। ਸਰਕਾਰ ਦੇ ਅਦੇਸ਼ ਹਨ ਕਿ ਰਸਤੇ ਨੂੰ ਸਾਫ ਕਰਵਾਇਆ ਜਾਵੇ, ਕਿਸਾਨ ਆਪ ਹੀ ਮੋਰਚੇ ਨੂੰ ਸਮਾਪਤ ਕਰ ਦੇਣ, ਨਹੀ ਤਾਂ ਪੁਲਿਸ ਸਖਤ ਐਕਸ਼ਨ ਲਵੇਗੀ। ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ। ਜੇਕਰ ਕਿਸੇ ਨੇ ਕੋਈ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਅਡੀਸ਼ਨਲ ਡਿਪਟੀ ਕਮਿਸ਼ਨਰ ਸੁਖਚੈਨ ਸਿੰਘ ਪਾਪੜਾ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ, ਪ੍ਰੰਤੂ ਕਿਸਾਨਾਂ ਨੇ ਸਰਕਾਰ ਅਤੇ ਪੁਲਿਸ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਜਿਸਤੋ ਬਾਅਦ ਪੁਲਿਸ ਫੋਰਸ ਮੋਰਚੇ ਵੱਲ ਵਧੀ ਅਤੇ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿਚ ਲੈਣਾ ਸ਼ੁਰੂ ਕਰ ਦਿੱਤਾ। ਪੁਲਿਸ ਦੇ ਨਾਲ ਕਿਸਾਨਾਂ ਦੀ ਧੱਕਾ-ਮੁੱਕੀ ਵੀ ਹੋਈ। ਪੁਲਿਸ ਨੇ ਕਿਸਾਨਾਂ ਨੂੰ ਆਪਣੇ ਨਾਲ ਲਿਆਂਦੀਆਂ ਬੱਸਾਂ ਵਿਚ ਜਬਰੀ ਬਿਠਾ ਲਿਆ ਅਤੇ ਮੋਰਚੇ ਦਾ ਸਾਜੋ ਸਮਾਨ ਵੀ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਬਾਰਡਰ ਉਪਰ ਜ਼ਿਆਦਾਤਰ ਕਿਸਾਨਾਂ ਨੇ ਪੁਲਿਸ ਦਾ ਸਾਥ ਦਿੰਦਿਆਂ ਆਪ ਹੀ ਬੱਸਾਂ ਵਿਚ ਸਵਾਰ ਹੋ ਗਏ। ਕਿਸਾਨਾਂ ਨੂੰ ਬੱਸਾਂ ਰਾਹੀ ਖਨੌਰੀ ਬਾਰਡਰ ਤੋਂ ਦੂਰ ਲੈ ਜਾਇਆ ਜਾਣ ਲੱਗਾ।
ਕਿਸਾਨਾਂ ਨੂੰ ਟਰਾਲੀਆਂ ਵੀ ਖਾਲੀ ਕਰਵਾ ਕੇ ਸਾਮਾਨ ਤੱਕ ਕਬਜ਼ੇ ਵਿਚ ਲੈ ਲਿਆ ਜਾ ਰਿਹਾ ਹੈ। ਕਿਸਾਨਾਂ ਦੇ ਬਣਾਏ ਅਸਥਾਈ ਰੈਣ ਬਸੇਰਿਆਂ ਨੂੰ ਤੋੜ ਦਿੱਤਾ ਗਿਆ। ਪੁਲਿਸ ਮੰਚ ਤੱਕ ਪੁੱਜ ਗਈ ਹੈ। ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਦਾ ਸਿਲਸਿਲਾ ਜਾਰੀ ਰਿਹਾ। ਬਾਰਡਰ ਤੱਕ ਦੇ ਰਸਤੇ ਨੂੰ ਸਾਫ ਕੀਤਾ ਜਾਵੇਗਾ। ਖਨੌਰੀ ਬਾਰਡਰ ਅਤੇ ਹਰਿਆਣਾ ਦੀ ਹੱਦ ’ਤੇ ਵੀ ਪੁਲਿਸ ਫੋਰਸ ਤਾਇਨਾਤ ਹੈ। ਕਿਸਾਨਾਂ ਵਲੋ ਮੋਰਚੇ ਵਿਚ ਲਾਏ ਤੰਬੂਆਂ ਨੂੰ ਜੇਸੀਬੀ ਮਸ਼ੀਨਾਂ ਦੇ ਨਾਲ ਸੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਖਨੌਰੀ ਬਾਰਡਰ ਉਪਰ ਲੱਗੇ ਕਿਸਾਨਾਂ ਦੇ ਮੋਰਚੇ ਤੇ ਐਕਸ਼ਨ ਕਰਨ ਤੋ ਪਹਿਲਾਂ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਸਨ।





Comments