CBSE ਸਕੂਲ ਵੀ ਹੁਣ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਪੜ੍ਹਾਉਣਗੇ NCERT ਦੀਆਂ ਕਿਤਾਬਾਂ, ਸਕੂਲਾਂ ਨੂੰ ਨਿਰਦੇਸ਼
- Ludhiana Plus
- Jul 27
- 2 min read
27/07/2025

ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਤਹਿਤ ਤਿਆਰ ਕੀਤੀਆਂ ਗਈਆਂ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨਸੀਈਆਰਟੀ) ਦੀਆਂ ਪਹਿਲੀ ਤੋਂ ਅੱਠਵੀਂ ਜਮਾਤ ਦੀਆਂ ਨਵੀਆਂ ਪਾਠ-ਪੁਸਤਕਾਂ ਨੂੰ ਹੁਣ ਸੀਬੀਐੱਸਈ (ਕੇਂਦਰੀ ਸੈਕੰਡਰੀ ਸਿੱਖਿਆ ਬੋਰਡ) ਵੀ ਆਪਣੇ ਸਕੂਲਾਂ ’ਚ ਪੜ੍ਹਾਏਗਾ। ਸੀਬੀਐੱਸਈ ਨੇ ਇਹ ਫ਼ੈਸਲਾ ਸਿੱਖਿਆ ਮੰਤਰਾਲੇ ਦੇ ਸੁਝਾਅ ਤੋਂ ਬਾਅਦ ਲਿਆ ਹੈ, ਜਿਸ ’ਚ ਨੈਸ਼ਨਲ ਕਰੀਕੁਲਮ ਫਰੇਮਵਰਕ ਤੇ ਬਰਾਬਰ ਮੁਲਾਂਕਣ ਪੈਟਰਨ ਦੇ ਤਹਿਤ ਐੱਨਸੀਈਆਰਟੀ ਦੀਆਂ ਨਵੀਆਂ ਕਿਤਾਬਾਂ ਨੂੰ ਪੜ੍ਹਾਉਣ ਦਾ ਸੁਝਾਅ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸੀਬੀਐੱਸਈ ਨੇ ਆਪਣੇ ਨਾਲ ਸਬੰਧਤ ਸਾਰੇ ਸਕੂਲਾਂ ਨੂੰ ਇਸ ਨੂੰ ਅਮਲ ’ਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਸਿੱਖਿਆ ਮੰਤਰਾਲੇ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਮੁਤਾਬਕ ਸੀਬੀਐੱਸਈ ਸਕੂਲਾਂ ’ਚ ਨੌਵੀਂ ਤੋਂ ਗਿਆਰ੍ਹਵੀਂ ਤੱਕ ਐੱਨਸੀਈਆਰਟੀ ਦੀਆਂ ਕਿਤਾਬਾਂ ਨੂੰ ਅਜੇ ਜ਼ਰੂਰੀ ਤੌਰ ’ਤੇ ਪੜ੍ਹਾਇਆ ਜਾ ਰਿਹਾ ਹੈ ਪਰ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਸਕੂਲਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਸੀ। ਭਾਵ ਸਕੂਲ ਚਾਹੇ ਤਾਂ ਐੱਨਸੀਈਆਰਟੀ ਦੀਆਂ ਜਾਂ ਫਿਰ ਨਿੱਜੀ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਪੜ੍ਹਾ ਸਕਦੇ ਸਨ। ਹਾਲਾਂਕਿ ਹੁਣ ਸੀਬੀਐੱਸਈ ਨੇ ਆਪਣੇ ਸਬੰਧਤ ਸਕੂਲਾਂ ਨੂੰ ਜ਼ੋਰ ਦੇ ਕੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਵੀ ਐੱਨਸੀਈਆਰਟੀ ਦੀਆਂ ਕਿਤਾਬਾਂ ਨੂੰ ਪੜ੍ਹਾਉਣ ਲਈ ਕਿਹਾ ਹੈ।
ਸੂਤਰਾਂ ਦੀ ਮੰਨੀਏ ਤਾਂ ਸੀਬੀਐੱਸਈ ਨੇ ਇਸ ਨਾਲ ਸਬੰਧਤ ਨੋਟੀਫਿਕੇਸ਼ਨ ਵੈਸੇ ਤਾਂ ਕਾਫ਼ੀ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ, ਪਰ ਉਸ ਸਮੇਂ ਤੱਕ ਐੱਨਸੀਈਆਰਟੀ ਦੀਆਂ ਅੱਠਵੀਂ ਤੱਕ ਦੀਆਂ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਬਾਜ਼ਾਰ ’ਚ ਨਾ ਆਉਣ ਨਾਲ ਉਸ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਗਿਆ ਸੀ। ਹੁਣ ਜਿਵੇਂ ਹੀ ਐੱਨਸੀਈਆਰਟੀ ਦੀਆਂ ਅੱਠਵੀਂ ਤੱਕ ਦੇ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਆ ਗਈਆਂ ਹਨ ਤਾਂ ਸੀਬੀਐੱਸਈ ਨੇ ਸਕੂਲਾਂ ਨੂੰ ਇਸ ਦੇ ਅਮਲ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਐੱਨਸੀਈਆਰਟੀ ਦੀਆਂ ਕਿਤਾਬਾਂ ਪਹਿਲੀ ਤੋਂ ਅੱਠਵੀਂ ਜਮਾਤ ਤੱਕ ’ਚ ਸਿਰਫ਼ ਕੇਂਦਰੀ ਸਕੂਲਾਂ ਤੇ ਨਵੋਦਿਆ ਸਕੂਲਾਂ ’ਚ ਹੀ ਜ਼ਰੂਰੀ ਰੂਪ ਨਾਲ ਪੜ੍ਹਾਈਆਂ ਜਾ ਰਹੀਆਂ ਸਨ। ਮੰਤਰਾਲੇ ਨਾਲ ਜੁੜੇ ਸੂਤਰਾਂ ਦਾ ਦਾਅਵਾ ਹੈ ਕਿ ਸੀਬੀਐੱਸਈ ਦੀ ਇਸ ਪਹਿਲ ਤੋਂ ਬਾਅਦ ਐੱਨਸੀਈਆਰਟੀ ਦੀਆਂ ਕਿਤਾਬਾਂ ਦੀ ਵਿਕਰੀ ਦੁੱਗਣੀ ਹੋਈ ਹੈ।





Comments