ਗੋਲ਼ੀ ਮਾਰ ਕੇ ਗੁਆਂਢੀ ਦਾ ਕ*ਤ*ਲ, ਤਿੰਨ ਜਣੇ ਗੰਭੀਰ ਜ਼ਖ਼*ਮੀ
- May 21, 2025
- 2 min read
21/05/2025

ਰਾਜਪੁਰਾ : ਨੇੜਲੇ ਪਿੰਡ ਭੋਗਲਾਂ ਵਿਖੇ ਬੀਤੇ ਸੋਮਵਾਰ ਦੀ ਸ਼ਾਮ ਨੂੰ ਗਲੀ ਵਿਚ ਸਰਕਾਰੀ ਪਾਣੀ ਦੇ ਪਾਈਪ ਪਾਉਣ ਤੋਂ ਬਾਅਦ ਹੋਈ ਤਕਰਾਰ ਨੇ ਇਕ ਵਿਅਕਤੀ ਨੇ ਗੋਲੀ ਮਾਰ ਕੇ ਗੁਆਂਢੀ ਨੂੰ ਮਾਰ ਦਿੱਤਾ। ਇਸ ਲੜਾਈ ’ਚ ਮ੍ਰਿਤਕ ਦੀ ਲੜਕੀ ਸਮੇਤ 3 ਜਣੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਖੇੜੀ ਗੰਡਿਆ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਖੇੜੀ ਗੰਡਿਆਂ ਦੇ ਐੱਸਐੱਚਓ ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਤੀਜੇ ਦਰਸ਼ਨ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੇ ਪਿੰਡ ਭੋਗਲਾਂ ਵਿਚ ਪਾਣੀ ਦੀ ਸਰਕਾਰੀ ਸਪਲਾਈ ਲਈ ਪਾਈਪਾਂ ਪਾ ਕੇ ਕੁਨੈਕਸ਼ਨ ਦਿੱਤੇ ਜਾ ਰਹੇ ਸਨ ਤੇ ਵਿਭਾਗ ਵੱਲੋਂ ਕੁਨੈਕਸ਼ਨ ਦੇ ਕੇ ਅਜੇ ਖੱਡਿਆਂ ਵਿਚ ਮਿੱਟੀ ਨਹੀਂ ਪਾਈ ਗਈ ਸੀ ਤਾਂ ਕਿ ਪਾਣੀ ਦੇ ਛੱਡਣ ’ਤੇ ਕਿਸੇ ਲੀਕੇਜ ਦਾ ਪਤਾ ਲੱਗ ਸਕੇ।

ਇਸੇ ਦੌਰਾਨ ਲੰਘੀ ਦੇਰ ਸ਼ਾਮ ਅਰਮਿੰਦਰ ਸਿੰਘ ਗਲੀ ਵਿਚ ਖਿਲਰੀ ਮਿੱਟੀ ਨੂੰ ਲੈਕੇ ਬੋਲਣ ਲੱਗ ਪਿਆ ਤੇ ਗਲੀ ’ਚ ਜਗਦੀਪ ਸਿੰਘ ਨਾਲ ਵੀ ਬਹਿਸ ਕੀਤੀ, ਜਿਸ ’ਤੇ ਅਮਰਜੀਤ ਸਿੰਘ ਉਨ੍ਹਾਂ ਨੂੰ ਸ਼ਾਂਤ ਕਰਨ ਆਇਆ ਤੇ ਅਰਮਿੰਦਰ ਸਿੰਘ ਦੀ ਪਤਨੀ ਦਲਜੀਤ ਕੌਰ ਨੇ ਅੰਦਰੋਂ ਲਿਆ ਕੇ ਉਸਨੂੰ ਬੰਦੂਕ ਫੜਾਈ ਤੇ ਅਰਮਿੰਦਰ ਸਿੰਘ ਨੇ ਜਗਦੀਪ ਸਿੰਘ ਤੇ ਫਾਇਰ ਕੀਤਾ ਪਰ ਗੋਲੀ ਅਮਰਜੀਤ ਸਿੰਘ (45) ਦੇ ਜਾ ਲੱਗੀ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਦੌਰਾਨ ਹੋਰ ਗੋਲ਼ੀਆਂ ਨਾਲ ਮ੍ਰਿਤਕ ਅਮਰਜੀਤ ਸਿੰਘ ਦੀ ਲੜਕੀ ਖੁਸ਼ਪ੍ਰੀਤ ਕੌਰ (22), ਜਗਦੀਪ ਸਿੰਘ (38) ਅਤੇ ਹਰਜੋਤ ਸਿੰਘ (25) ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ।
ਐੱਸਐੱਮਓ ਸਿਵਲ ਹਸਪਤਾਲ ਡਾ. ਸੋਨੀਆ ਜੰਗਵਾਲ ਨੇ ਦੱਸਿਆ ਕਿ ਅਜਿਹੇ ਕੇਸਾਂ ਵਿਚ ਮ੍ਰਿਤਕ ਦੇ ਪੋਸਟਮਾਰਟਮ ਲਈ ਫੋਰੈਂਸਿਕ ਮਾਹਿਰ ਦੀ ਲੋੜ ਹੁੰਦੀ ਹੈ ਤੇ ਰਾਜਪੁਰਾ ਦੇ ਸਿਵਲ ਹਸਪਤਾਲ ਵਿਖੇ ਕੋਈ ਫੋਰੈਂਸਿਕ ਮਾਹਿਰ ਨਹੀਂ ਹੈ, ਜਿਸ ਕਾਰਨ ਲਾਸ਼ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ।





Comments