ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 113ਵੇਂ ਦਿਨ ਵੀ ਜਾਰੀ, ‘ਫਸਲ ਬਚਾਓ, ਨਸਲ ਬਚਾਓ’ ਮਹਾਪੰਚਾਇਤ 30 ਨੂੰ
- Ludhiana Plus
- Mar 18
- 2 min read
18/03/2025

ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 113ਵੇਂ ਦਿਨ ਵੀ ਜਾਰੀ ਹੈ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਤਿੰਨੋਂ ਮੋਰਚਿਆਂ ’ਤੇ ਪ੍ਰੋਗਰਾਮ ਕੀਤੇ ਜਾਣਗੇ ਅਤੇ 30 ਮਾਰਚ ਨੂੰ ਦਾਤਾਸਿੰਘਵਾਲਾ-ਖਨੌਰੀ ਅਤੇ ਸ਼ੰਭੂ ਮੋਰਚਿਆਂ ’ਤੇ ‘ਫਸਲ ਬਚਾਓ, ਨਸਲ ਬਚਾਓ’ ਮਹਾਪੰਚਾਇਤ ਕਰਵਾਈ ਜਾਵੇਗੀ ਜਿਸ ਵਿਚ ਵੱਡੀ ਗਿਣਤੀ ਵਿਚ 8ਵੀਂ ਤੋਂ 12ਵੀਂ ਤੱਕ ਦੇ ਸਕੂਲੀ ਵਿਦਿਆਰਥੀ ਅਤੇ ਯੂਨੀਵਰਸਿਟੀ/ਕਾਲਜ ਦੇ ਵਿਦਿਆਰਥੀ ਭਾਗ ਲੈਣਗੇ, 30 ਮਾਰਚ ਨੂੰ ਹੋਣ ਵਾਲੀ ਮਹਾਪੰਚਾਇਤ ਵਿੱਚ ਵਿਦਿਆਰਥੀਆਂ ਨਾਲ ਖੇਤੀ ਦੀ ਮਹੱਤਤਾ ਅਤੇ ਐੱਮਐੱਸਪੀ ਦੇ ਗਾਰੰਟੀ ਕਾਨੂੰਨ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ।
ਹਰਿਆਣਾ ਦੇ ਕਿਸਾਨ ਆਗੂ ਅਭਿਮੰਨਯੂ ਕੋਹਾੜ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਐੱਮਐੱਸਪੀ ਗਾਰੰਟੀ ਕਾਨੂੰਨ ਦੇ ਮੁੱਦੇ ਉੱਪਰ ਚੰਡੀਗੜ੍ਹ ਵਿੱਚ ਖੇਤੀ ਮਾਹਰਾਂ ਅਤੇ ਅਰਥ ਸ਼ਾਸਤਰੀਆਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਸਾਰੇ ਮਾਹਰਾਂ ਨੇ ਕਿਸਾਨਾਂ ਦੇ ਵਿਚਾਰਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੇ ਸਰਕਾਰ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਦਿਖਾਵੇ ਤਾਂ ਐੱਮਐੱਸਪੀ ਦਾ ਗਾਰੰਟੀ ਕਾਨੂੰਨ ਬਣਾਇਆ ਜਾ ਸਕਦਾ ਹੈ ਅਤੇ ਸਾਰੇ ਵਰਗਾਂ ਨੂੰ ਇਸ ਦਾ ਫਾਇਦਾ ਹੋਵੇਗਾ।
ਕੋਹਾੜ ਨੇ ਦੱਸਿਆ ਸ਼ੰਭੂ ਅਤੇ ਦਾਤਾਸਿੰਘਵਾਲਾ-ਖਨੌਰੀ ਮੋਰਚੇ ਦੇ ਆਲੇ-ਦੁਆਲੇ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਉਣ ਲਈ 21 ਮਾਰਚ ਨੂੰ ਸੈਂਕੜੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਸ਼ਤਰਾਣਾ, ਨਰਵਾਣਾ, ਘਨੌਰ ਅਤੇ ਅੰਬਾਲਾ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਦੇ ਦਬਾਅ ਹੇਠ ਆ ਕੇ ਖੇਤੀ ਵਸਤਾਂ ’ਤੇ ਦਰਾਮਦ ਡਿਊਟੀ ਘਟਾਉਣੀ ਨਹੀਂ ਚਾਹੀਦੀ ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤੀ ਕਿਸਾਨਾਂ ਦਾ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਆਪਣੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਅਮਰੀਕਾ ਦੇ ਦਬਾਅ ਹੇਠ ਆ ਕੇ ਖੇਤੀ ਉਤਪਾਦਾਂ ’ਤੇ ਦਰਾਮਦ ਡਿਊਟੀ ਖਤਮ ਕਰਨ ਵਰਗਾ ਕੋਈ ਗਲਤ ਕਦਮ ਚੁੱਕਦੀ ਹੈ ਤਾਂ ਦੇਸ਼ ਭਰ ਦੇ ਕਿਸਾਨ ਇਸ ਦਾ ਵਿਰੋਧ ਕਰਨਗੇ।





Comments