ਪੰਜਾਬ 'ਚ ਸੀਤ ਲਹਿਰ ਚੱਲਣ ਨਾਲ ਕੜਾਕੇ ਦੀ ਠੰਢ ਜਾਰੀ,ਤਾਪਮਾਨ ਰਿਹਾ 0.9 ਡਿਗਰੀ ਸੈਲਸੀਅਸ
- bhagattanya93
- Dec 19, 2024
- 1 min read
19/12/2024

ਪੰਜਾਬ ਵਿਚ ਸੀਤ ਲਹਿਰ ਚੱਲਣ ਨਾਲ ਕੜਾਕੇ ਦੀ ਠੰਢ ਪੈਣ ਲੱਗੀ ਹੈ। ਬੁੱਧਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਘੱਟੋ-ਘੱਟ ਤਾਪਮਾਨ ਆਮ ਤੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਘੱਟ ਰਿਹਾ। ਫ਼ਰੀਦਕੋਟ ਲਗਾਤਾਰ ਤੀਜੇ ਦਿਨ ਸੂਬੇ ਵਿਚ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 0.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸੱਤ ਜ਼ਿਲ੍ਹਿਆਂ ਵਿਚ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਪਠਾਨਕੋਟ ਵਿਚ ਘੱਟੋ-ਘੱਟ ਤਾਪਮਾਨ 1.6 ਡਿਗਰੀ, ਫ਼ਾਜ਼ਿਲਕਾ ਵਿਚ 1.5, ਫ਼ਿਰੋਜ਼ਪੁਰ ਵਿਚ 2.6, ਮੋਗਾ ਵਿਚ 3.9, ਬਰਨਾਲਾ ਵਿਚ 3.5, ਗੁਰਦਾਸਪੁਰ ਵਿਚ 4.0, ਅੰਮ੍ਰਿਤਸਰ ਵਿਚ 4.3, ਪਟਿਆਲਾ ਵਿਚ 5.5 ਤੇ ਲੁਧਿਆਣਾ ਵਿਚ 5.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉੱਥੇ, ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ। ਉੱਧਰ, ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ 25 ਦਸੰਬਰ ਤੱਕ ਸੂਬੇ ਵਿਚ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਖ਼ਾਸ ਕਰ ਕੇ, ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਅੱਤ ਦੀ ਸੀਤ ਲਹਿਰ ਵੀ ਚੱਲ ਸਕਦੀ ਹੈ। ਮੀਂਹ ਦੀ ਸੰਭਾਵਨਾ ਨਹੀਂ ਹੈ। ਅਜਿਹੇ ਵਿਚ ਨਵੰਬਰ ਦੀ ਤਰ੍ਹਾਂ ਦਸੰਬਰ ਵੀ ਸੁੱਕਾ ਹੀ ਰਹਿ ਸਕਦਾ ਹੈ।
Comments