ਬੱਗਾ ਦੀ ਅਗਵਾਈ 'ਚ ਵਾਰਡ ਨੰਬਰ 95 'ਚ ਕਰੀਬ 2000 ਵਰਗ ਗਜ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ
- bhagattanya93
- May 28, 2023
- 1 min read
>>>> ਖਾਲੀ ਕਰਵਾਈ ਜਗ੍ਹਾ 'ਤੇ ਬੱਚਿਆਂ ਲਈ ਪਾਰਕ ਅਤੇ ਸਪੋਰਟਸ ਕਲੱਬ ਬਣਾਉਣ ਦਾ ਵੀ ਕੀਤਾ ਉਦਘਾਟਨ
>>>>ਕਿਹਾ! ਉਸਾਰੀ ਦੇ ਨਿਰਮਾਣ ਕਾਰਜ਼ਾਂ 'ਤੇ ਕਰੀਬ 70 ਲੱਖ ਰੁਪਏ ਦੀ ਆਵੇਗੀ ਲਾਗਤ
ਲੁਧਿਆਣਾ, 28 ਮਈ

ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਨੂੰ ਭੌ-ਮਾਫੀਆ, ਰੇਤ ਮਾਫੀਆ, ਮਾਈਨਿੰਗ ਮਾਫੀਆ ਅਤੇ ਟ੍ਰਾਂਸਪੋਰਟ ਮਾਫੀਆ ਤੋਂ ਨਿਜ਼ਾਤ ਦਿਵਾਉਣ ਲਈ ਵਚਨਬੱਧ ਹੈ।
ਇਸ ਗੱਲ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 95 'ਚ ਕਰੀਬ 2000 ਵਰਗ ਗਜ ਕਬਜ਼ਾ ਮੁਕਤ ਕਰਵਾਈ ਜ਼ਮੀਨ 'ਤੇ ਬੱਚਿਆਂ ਲਈ ਪਾਰਕ ਅਤੇ ਸਪੋਰਟਸ ਕਲੱਬ ਦੀ ਉਸਾਰੀ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕਰਨ ਮੌਕੇ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਸਥਾਨਕ ਜਲੰਧਰ ਬਾਈ ਪਾਸ ਨੇੜੇ ਭੌ-ਮਾਫੀਆ ਵਲੋਂ ਬੀਤੇ ਸਮੇਂ ਦੌਰਾਨ ਕਰੀਬ 2000 ਵਰਗ ਗਜ ਭੂਮੀ 'ਤੇ ਨਾਜਾਇਜ ਕਬਜ਼ਾ ਕੀਤਾ ਹੋਇਆ ਸੀ ਜਿਸਨੂੰ ਨਗਰ ਨਿਗਮ ਦੀ ਬੀ.ਐਂਡ.ਆਰ. ਅਤੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਛੁਡਵਾਇਆ ਗਿਆ। ਉਨ੍ਹਾਂ ਦੱਸਿਆ ਕਿ ਨਿਗਮ ਵਲੋਂ ਐਸਟੀਮੇਟ ਬਣਾ ਕੇ ਟੈਂਡਰ ਪ੍ਰਕਿਰਿਆ ਤੋਂ ਬਾਅਦ ਬੱਚਿਆਂ ਦੇ ਲਈ ਪਾਰਕ ਅਤੇ ਸਪੋਰਟਸ ਕਲੱਬ ਦੀ ਉਸਾਰੀ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ ਜਿਸ 'ਤੇ ਕਰੀਬ 70 ਲੱਖ ਰੁਪਏ ਦੀ ਲਾਗਤ ਆਵੇਗੀ।
ਇਸ ਮੌਕੇ ਅੱਠ ਸੌ ਦੇ ਕਰੀਬ ਸਥਾਨਕ ਲੋਕ ਵੀ ਮੌਜੂਦ ਸਨ ਜਿਨ੍ਹਾਂ ਢੋਲ ਵਜਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਾਰਡ ਨੰਬਰ 95 ਵਿੱਚ ਪਹਿਲਾਂ ਕੋਈ ਵੀ ਪਾਰਕ ਮੌਜੂਦ ਨਹੀਂ ਸੀ ਅਤੇ ਸਥਾਨਕ ਵਸਨੀਕਾਂ ਨੂੰ ਸਵੇਰ-ਸ਼ਾਮ ਦੀ ਸੈਰ ਕਰਨ ਲਈ ਦੂਰ-ਦੁਰਾਡੇ ਦਾ ਪਾਰਕਾਂ ਵਿੱਚ ਜਾਣਾ ਪੈਦਾ ਸੀ। ਉਨ੍ਹਾਂ ਇਹ ਵੀ ਕਿਹਾ ਇਸ ਕਬਜ਼ਾ ਮੁਕਤ ਕਾਰਵਾਈ ਨਾਲ ਆਮ ਲੋਕਾਂ ਨੂੰ ਆਸ ਬੱਝੀ ਹੈ ਜਿਸਦੇ ਤਹਿਤ ਹੁਣ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨਾਜਾਇਜ ਕਬਜ਼ਾ ਧਾਰਕਾਂ 'ਤੇ ਕਾਰਵਾਈ ਹੋਵੇਗੀ ਅਤੇ ਸਾਡੇ ਇਲਾਕੇ ਦੇ ਬੱਚਿਆਂ ਅਤੇ ਬਜੁਰਗਾਂ ਲਈ ਨਵੇਂ ਪਾਰਕਾਂ ਦੀ ਉਸਾਰੀ ਦਾ ਰਾਹ ਪੱਧਰਾ ਹੋਵੇਗਾ।





Comments