ED ਨੇ ਕੇਜਰੀਵਾਲ ਨੂੰ ਭੇਜਿਆ ਛੇਵਾਂ ਸੰਮਨ, ਆਬਕਾਰੀ ਘੁਟਾਲੇ ’ਚ ਪੁੱਛਗਿੱਛ ਲਈ 19 ਫਰਵਰੀ ਨੂੰ ਬੁਲਾਇਆ
- bhagattanya93
- Feb 15, 2024
- 1 min read
15/02/2024
ਈਡੀ ਨੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਿ੍ਰੰਗ ਮਾਮਲੇ ’ਚ ਪੁੱਛਗਿੱਛ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਛੇਵੀਂ ਵਾਰ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ 19 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਲਗਾਤਾਰ ਪੰਜ ਸੰਮਨ ਜਾਰੀ ਕਰਨ ਤੋਂ ਬਾਅਦ ਵੀ ਕੇਜਰੀਵਾਲ ਦੇ ਪੇਸ਼ ਨਾ ਹੋਣ ’ਤੇ ਈਡੀ ਨੇ ਕੋਰਟ ’ਚ ਸ਼ਿਕਾਇਤ ਕੀਤੀ ਸੀ। ਉਸ ’ਤੇ ਰਾਉਜ ਐਵੇਨਿਊ ਕੋਰਟ ਨੇ ਕੇਜਰੀਵਾਲ ਨੂੰ 17 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਕੋਰਟ ਨੇ ਕਿਹਾ ਸੀ ਕਿ ਕੇਜਰੀਵਾਲ ਪਹਿਲੇ ਸੰਮਨ ਦਾ ਪਾਲਣ ਕਰਨ ਲਈ ਕਾਨੂੰਨੀ ਤੌਰ ’ਤੇ ਬੱਝੇ ਹਨ। ਇਸ ਤੋਂ ਪਹਿਲਾਂ ਈਡੀ ਨੇ ਇਸ ਸਾਲ ਦੋ ਫਰਵਰੀ, ਤਿੰਨ ਅਤੇ 18 ਫਰਵਰੀ ਤੇ ਪਿਛਲੇ ਸਾਲ 21 ਦਸੰਬਰ ਤੇ ਦੋ ਨਵੰਬਰ ਨੂੰ ਮੁੱਖ ਮੰਤਰੀ ਨੂੰ ਸੰਮਨ ਜਾਰੀ ਕੀਤਾ ਸੀ। ਮੁੱਖ ਮੰਤਰੀ ਨੇ ਹਰ ਵਾਰ ਈਡੀ ਦੇ ਸੰਮਨ ਨੂੰ ਗ਼ੈਰ-ਕਾਨੂੰਨੀ ਦੱਸਿਆ ਤੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਸੰਮਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਹੋਏ ਈਡੀ ਦੀ ਕਾਰਵਾਈ ਦੇ ਪਿੱਛੇ ਦੇ ਮਕਸਦ ’ਤੇ ਵੀ ਸਵਾਲ ਉਠਾਇਆ ਸੀ। ਦੱਸਣਯੋਗ ਹੈ ਕਿ ਆਬਕਾਰੀ ਘੁਟਾਲੇ ਦੇ ਮਾਮਲੇ ’ਚ ਈਡੀ ਵੱਲੋਂ ਦਾਖ਼ਲ ਦੋਸ਼ਪੱਤਰ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਂ ਦਾ ਕਈ ਵਾਰ ਜ਼ਿਕਰ ਕੀਤਾ ਗਿਆ ਹੈ। ਮੁਲਜ਼ਮ ਦਿੱਲੀ ਆਬਕਾਰੀ ਨੀਤੀ 2021-22 ਦੀ ਤਿਆਰੀ ਦੇ ਸਬੰਧ ’ਚ ਉਨ੍ਹਾਂ ਦੇ ਸੰਪਰਕ ਵਿਚ ਸਨ। ਈਡੀ ਨੇ ਦੋਸ਼ ਪੱਤਰ ’ਚ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਗੋਆ ਚੋਣ ਮੁਹਿੰਮ ਵਿਚ ਲਗਪਗ 45 ਕਰੋੜ ਰੁਪਏ ਦਾ ਇਸਤੇਮਾਲ ਕੀਤਾ ਸੀ, ਜੋ ਅਪਰਾਧ ਨਾਲ ਹੋਈ ਆਮਦਨ ਸੀ। ਓਧਰ ਆਪ ਆਬਕਾਰੀ ਘੁਟਾਲੇ ਨੂੰ ਫ਼ਰਜ਼ੀ ਕਰਾਰ ਦਿੰਦੀ ਆ ਰਹੀ ਹੈ।
Comments