google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ਼ ਪ੍ਰਸ਼ਾਸਨ ਸਖ਼ਤ

  • Writer: Ludhiana Plus
    Ludhiana Plus
  • Oct 30, 2023
  • 2 min read

30 ਅਕਤੂਬਰ

ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਸਰਕਾਰ ਵਲੋਂ ਵਿਆਪਕ ਪੱਧਰ 'ਤੇ ਮੁਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਪ੍ਰਾਪਤ ਹੋ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਹੁਣ ਤੱਕ ਕਾਫ਼ੀ ਘੱਟ ਬਰਨਿੰਗ ਸਪੌਟ ਪ੍ਰਾਪਤ ਹੋਏ ਹਨ ਜਿਸਦਾ ਮੁੱਖ ਕਾਰਨ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਅਤੇ ਪਰਾਲੀ ਸਾਂਭਣ ਦੇ ਫਾਇਦਿਆਂ ਬਾਰੇ ਕਿਸਾਨਾਂ ਵਿੱਚ ਵੱਡੇ ਪੱਧਰ ਤੇ ਪੈਦਾ ਹੋਈ ਜਾਗਰੁਕਤਾ ਹੈ। ਡਿਪਟੀ ਕਮਿਸ਼ਨਰ ਮਲਿਕ ਨੇ ਦੱਸਿਆ ਕਿ ਸਰਕਾਰ ਵਲੋਂ ਕੈਂਪਾਂ, ਸਕੂਲੀ ਗਤੀਵਿਧੀਆਂ, ਲਿਟਰੇਚਰ, ਗੁਰਦੁਆਰਿਆਂ ਵਿੱਚ ਅਨਾਊਂਸਮੈਂਟ ਆਦਿ ਵਰਗੀਆਂ ਜਾਗਰੁਕਤਾ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੀਆਂ ਸਮੂਹ ਪੰਚਾਇਤਾਂ ਅਤੇ ਸਰਪੰਚਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚ ਰੋਜ਼ਾਨਾਂ ਗੁਰਦੁਆਰਿਆਂ ਵਿੱਚ ਪਰਾਲੀ ਨਾ ਸਾੜਨ ਬਾਰੇ ਅਨਾਊਂਸਮੈਂਟ ਕਰਵਾਉਣ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮ. ਵਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਵਲੋਂ ਅਜਿਹੇ ਕਿਸਾਨਾਂ ਖਿਲਾਫ਼ ਸਖਤੀ ਕੀਤੇ ਜਾਣ ਦੀ ਕਾਰਵਾਈ ਆਰੰਭੀ ਜਾ ਰਹੀ ਹੈ ਜਿਸ ਵਿੱਚ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ, ਅਸਲਾ ਲਾਇਸੈਂਸ ਰੱਦ ਕਰਨਾ, ਸਰਕਾਰੀ ਸਬਸਿਡੀ ਵਾਪਸ ਲੈਣਾ, ਸਰਕਾਰੀ ਅਹੁਦਾ ਜਿਵੇਂ ਨੰਬਰਦਾਰੀ ਆਦਿ ਸਸਪੈਂਡ ਕਰਨਾ ਵਰਗੀਆਂ ਕਾਰਵਾਈਆਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਦੂਸਰੇ ਪਾਸੇ ਜਿਹੜੇ ਕਿਸਾਨ ਪਰਾਲੀ ਬਿਨ੍ਹਾਂ ਸਾੜੇ ਸੰਭਾਲਣ ਵਿੱਚ ਯੋਗਦਾਨ ਪਾ ਰਹੇ ਹਨ, ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਸਮਾਗਮਾਂ ਮੌਕੇ ਸਨਮਾਨਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਹਾਜਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਚੱਲ ਰਹੀਆਂ ਕਰੀਬ 8000 ਪਰਾਲੀ ਸੰਭਾਲਣ ਵਾਲੀਆਂ ਖੇਤੀ ਮਸ਼ੀਨਾਂ ਵਰਤ ਕੇ ਪਰਾਲੀ ਦੀ ਸੰਭਾਲ ਕੀਤੀ ਜਾਵੇ। ਉਨ੍ਹਾਂ ਸਮੂਹ ਕੋਆਪਰੇਟਿਵ ਸੁਸਾਇਟੀਆਂ ਦੇ ਸੈਕਟਰੀ ਅਤੇ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਸੁਸਾਇਟੀਆਂ ਵਿੱਚ ਉਪਲਭਧ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਪਿਛਲੇ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚ ਸਭ ਤੋਂ ਵੱਧ ਕਮੀ ਦਰਜ ਕੀਤੀ ਗਈ ਸੀ ਅਤੇ ਇਸ ਸਾਲ ਵੀ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਕਿਸਾਨਾਂ ਦੇ ਸਹਿਯੋਗ ਸਦਕਾ ਅਤੇ ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ, ਪੇਂਡੂ ਵਿਕਾਸ ਅਤੇ ਸਕੂਲੀ ਸਿੱਖਿਆ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਅਤੇ ਸੂਝਵਾਨ ਕਿਸਾਨਾਂ ਦੀ ਮਿਹਨਤ ਸਦਕਾ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਹੋਰ ਵੀ ਕਮੀ ਦਰਜ ਕੀਤੀ ਜਾ ਸਕੇਗੀ। ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਪਰਾਲੀ ਨੂੰ ਬਿਨ੍ਹਾਂ ਸਾੜੇ ਸੰਭਾਲਣ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕੀਏ।


Comments


Logo-LudhianaPlusColorChange_edited.png
bottom of page