CBI ਨੇ ਰੀਅਲ ਅਸਟੇਟ ਕਾਰੋਬਾਰੀਆਂ ਦੇ ਘਰ ’ਤੇ ਮਾਰੇ ਛਾਪੇ, ਭੁੱਲਰ ਦੇ ਕਾਲੇ ਧਨ ਨੂੰ ਕਹਿੰਦੇ ਸਨ ਨਿਵੇਸ਼
- bhagattanya93
- 7 days ago
- 2 min read
05/11/2025

ਰਿਸ਼ਵਤ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਗ੍ਰਿਫ਼ਤਾਰ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ’ਤੇ ਸੀਬੀਆਈ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਸੀਬੀਆਈ ਨੇ ਮੰਗਲਵਾਰ ਨੂੰ ਮਾਮਲੇ ਨਾਲ ਜੁੜੇ ਪਟਿਆਲਾ ਤੇ ਲੁਧਿਆਣਾ ’ਚ ਵੱਡੇ ਰੀਅਲ ਅਸਟੇਟ ਕਾਰੋਬਾਰੀਆਂ ਦੇ ਘਰ ’ਤੇ ਛਾਪੇਮਾਰੀ ਕੀਤੀ। ਪਤਾ ਲੱਗਾ ਹੈ ਕਿ ਇਹ ਕਾਰੋਬਾਰੀ ਭੁੱਲਰ ਦਾ ਕਾਲੇ ਧਨ ਪ੍ਰਾਪਰਟੀ ’ਚ ਨਿਵੇਸ਼ ਕਰਦੇ ਸਨ। ਸੀਬੀਆਈ ਨੂੰ ਭੁੱਲਰ ਦੇ ਮੋਬਾਈਲ ਤੋਂ ਅਜਿਹੀਆਂ ਚੈਟਸ ਮਿਲੀਆਂ ਹਨ, ਜਿਨ੍ਹਾਂ ’ਚ ਨਿਆਇਕ ਅਧਿਕਾਰੀਆਂ ਨਾਲ ਜੁੜੇ ਕਈ ਮਹੱਤਵਪੂਰਣ ਸੰਦੇਸ਼ ਸ਼ਾਮਲ ਹਨ। ਇਨ੍ਹਾਂ ਚੈਟਸ ’ਚ ਭੁੱਲਰ ਤੇ ਵਿਚੋਲੀਏ ਕ੍ਰਿਸ਼ਨੂ ਵਿਚਾਲੇ ਅਦਾਲਤਾਂ ਦੇ ਆਦੇਸ਼ਾਂ ਨੂੰ ਪ੍ਰਭਾਵਿਤ ਕਰਨ, ਮਾਮਲਿਆਂ ਦੀ ਸੁਣਵਾਈ ਦੇ ਨਤੀਜੇ ਨੂੰ ਮੋੜਨ ਤੇ ਕੁਝ ਅਧਿਕਾਰੀਆਂ ਦੇ ਹੱਕ ’ਚ ਫ਼ੈਸਲੇ ਕਰਵਾਉਣ ਦੀ ਚਰਚਾ ਕੀਤੀ ਗਈ। ਸੀਬੀਆਈ ਇਸ ਮਾਮਲੇ ’ਚ ਦੋ ਨਿਆਇਕ ਅਧਿਕਾਰੀਆਂ ਤੇ ਇਕ ਡੀਆਈਜੀ ਨੂੰ ਪੁੱਛਗਿੱਛ ਲਈ ਬੁਲਾਉਣ ਦੀ ਤਿਆਰੀ ਕਰ ਰਹੀ ਹੈ। ਜਾਂਚ ਏਜੰਸੀ ਦਾ ਮੰਨਣਾ ਹੈ ਕਿ ਇਹ ਮਾਮਲਾ ਸਿਰਫ਼ ਰਿਸ਼ਫਤਖੋਰੀ ਤੱਕ ਸੀਮਤ ਨਹੀਂ ਹੈ, ਬਲਕਿ ਇਸ ’ਚ ਨਿਆਇਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਦਾ ਗੰਭੀਰ ਪਹਿਲੂ ਸ਼ਾਮਲ ਹੈ।
ਮੰਗਲਵਾਰ ਸਵੇਰੇ ਸੀਬੀਆਈ ਨੇ ਸਭ ਤੋਂ ਪਹਿਲਾਂ ਪਟਿਆਲਾ ’ਚ ਰੀਅਲ ਅਸਟੇਟ ਕਾਰੋਬਾਰੀ ਬੀਐੱਚ ਪ੍ਰਾਪਰਟੀਜ਼ ਦੇ ਮਾਲਿਕ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ। ਦਿੱਲੀ ਨੰਬਰ ਦੀਆਂ ਦੋ ਗੱਡੀਆਂ ’ਚ ਸਵਾਰ ਹੋ ਕੇ ਆਏ ਸੀਬੀਆਈ ਦੇ ਅਧਿਕਾਰੀ ਸਵੇਰੇ ਸੱਤ ਵਜੇ ਮੋਤੀ ਬਾਗ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਣੀ ਕੋਠੀ ’ਚ ਪਹੁੰਚੇ ਤੇ ਸ਼ਾਮ ਛੇ ਵਜੇ ਤੱਕ ਕੋਠੀ ਦੇ ਅੰਦਰ ਦਸਤਾਵੇਜ਼ਾਂ ਨੂੰ ਖੰਘਾਲਦੇ ਰਹੇ। ਸ਼ਾਮ ਨੂੰ ਟੀਮ ਇਕ ਗੱਡੀ ਦਸਤਾਵੇਜ਼ ਨਾਲ ਭਰੇ ਇਕ ਸੂਟਕੇਸ ਨੂੰ ਲੈ ਕੇ ਨਿਕਲ ਗਈ। ਦੱਸਿਆ ਜਾ ਰਿਹਾ ਹੈ ਕਿ ਭੁੱਲ ਦੇ ਕਾਲੇ ਧਨ ਨੂੰ ਰੀਅਲ ਅਸਟੇਟ ਕਾਰੋਬਾਰ ’ਚ ਨਿਵੇਸ਼ ਕਰਨ ’ਚ ਬੀਐੱਚ ਪ੍ਰਾਪਰਟੀਜ਼ ਦਾ ਅਹਿਮ ਰੋਲ ਰਿਹਾ ਹੈ। ਕਾਰੋਬਾਰੀ ਭੁਪਿੰਦਰ ਸਿੰਘ ਨੂੰ ਵੀ ਸੀਬੀਆਈ ਵੱਲੋਂ ਨਾਲ ਲੈ ਕੇ ਜਾਣ ਦੀ ਸੂਚਨਾ ਹੈ ਪਰ ਇਸਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਸੀਬੀਆਈ ਦੀ ਟੀਮ ਨੰ ਮੰਗਲਵਾਰ ਨੂੰ ਲੁਧਿਆਣਾ ’ਚ ਪਹਿਲਾਂ ਵੈਸਟ ਤਹਿਸੀਲ ਤੇ ਫਿਰ ਸਰਗੋਦਾ ਕਾਲੋਨੀ ’ਚ ਇਕ ਪ੍ਰਾਪਰਟੀ ਡੀਲਰ ਦੇ ਘਰ ’ਤੇ ਛਾਪਾ ਮਾਰਿਆ। ਪਟਵਾਰਖਾਨੇ ’ਚ ਟੀਮ ਨੇ ਤਿੰਨ ਤੋਂ ਚਾਰ ਪ੍ਰਾਪਰਟੀਆਂ ਦਾ ਰਿਕਾਰਡ ਖੰਘਾਲਿਆ। ਸੂਤਰਾਂ ਦਾ ਕਹਿਣਾ ਹੈ ਕਿ ਡੀਆਈਜੀ ਦੀ ਪ੍ਰਾਪਰਟੀ ਡੀਲਰ ਨਾਲ ਦੋਸਤੀ ਸੀ ਤੇ ਸ਼ੱਕ ਹੈ ਕਿ ਉਸਦੀ ਮਦਦ ਨਾਲ ਡੀਆਈਜੀ ਨੇ ਕਾਫ਼ੀ ਪ੍ਰਾਪਰਟੀ ’ਚ ਨਿਵੇਸ਼ ਕੀਤਾ ਹੈ। ਸੀਬੀਆਈ ਦੀ ਟੀਮ ਮੰਗਲਵਾਰ ਨੂੰ ਮਾਛੀਵਾੜਾ ’ਚ ਦੁਬਾਰਾ ਜਾਂਚ ਲਈ ਪਹੁੰਚੀ। ਟੀਮ ਇੱਥੇ ਭੁੱਲਰ ਦੀਆਂ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ’ਚ ਪਿੰਡ ਮੰਡ ਸ਼ੇਰੀਆਂ ’ਚ 55 ਏਕੜ ਜ਼ਮੀਨ ਤੇ ਸ਼ਹਿਰ ਦੀਆਂ ਦੁਕਾਨਾਂ ਸ਼ਾਮਲ ਹਨ।





Comments