CBI ਅਧਿਕਾਰੀ ਬਣ ਕੇ ਹੈਕਰਾਂ ਨੇ ਠੱਗੇ ਤਿੰਨ ਕਰੋੜ ਰੁਪਏ, ਝੂਠੇ ਹਵਾਲਾ ਕੇਸ ’ਚ ਫਸਾਉਣ ਦੀ ਦੇ ਰਿਹਾ ਸੀ ਧਮਕੀਆਂ; ਕੇਸ ਦਰਜ
- bhagattanya93
- Jun 11
- 1 min read
11/06/2025

ਹੈਕਰਾਂ ਨੇ ਸ਼ਹਿਰ ਦੇ ਕਾਰੋਬਾਰੀ ਹਰਵਿੰਦਰ ਸਿੰਘ ਨੂੰ ਡਰਾਇਆ ਅਤੇ ਉਨ੍ਹਾਂ ਦੇ ਵੱਖ-ਵੱਖ ਬੈਂਕ ਖਾਤਿਆਂ ’ਚੋਂ 3.02 ਕਰੋੜ ਰੁਪਏ ਟ੍ਰਾਂਸਫਰ ਕਰਵਾਏ। ਮੁਲਜ਼ਮ ਕਹਿ ਰਹੇ ਸਨ ਕਿ ਉਹ ਸੀਬੀਆਈ ਵਿਚ ਵੱਡੇ ਅਧਿਕਾਰੀ ਹਨ ਅਤੇ ਉਨ੍ਹਾਂ ਵਿਰੁੱਧ ਹਵਾਲਾ ਮਾਮਲਾ ਦਰਜ ਹੋਣ ਵਾਲਾ ਹੈ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਕਿਸੇ ਤਰ੍ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ। ਜਾਂਚ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਹੈਕਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇੰਸਪੈਕਟਰ ਰਾਜਬੀਰ ਕੌਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਟਰੇਸ ਕਰ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਰਣਜੀਤ ਐਵੀਨਿਊ ਵਾਸੀ ਹਰਵਿੰਦਰ ਸਿੰਘ ਨੇ ਸਾਈਬਰ ਪੁਲਿਸ ਥਾਣੇ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸ਼ਹਿਰ ਵਿਚ ਕਾਰੋਬਾਰ ਕਰਦਾ ਹੈ। ਕੁਝ ਦਿਨ ਪਹਿਲਾਂ ਉਸ ਨੂੰ ਉਸ ਦੇ ਮੋਬਾਈਲ 'ਤੇ ਇੱਕ ਵਿਅਕਤੀ ਦਾ ਸੁਨੇਹਾ ਆਇਆ ਅਤੇ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਸੀਬੀਆਈ ਵਿਚ ਇਕ ਵੱਡਾ ਅਧਿਕਾਰੀ ਹੈ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਆਪਣੇ ਮੋਬਾਈਲ ਤੋਂ ਕੁਝ ਹੋਰ ਲੋਕਾਂ (ਅਧਿਕਾਰੀਆਂ) ਨਾਲ ਵੀ ਗੱਲ ਕਰਵਾਈ। ਉਸ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਉਹ ਆਪਣੀ ਪਤਨੀ ਨਾਲ ਦੇਸ਼-ਵਿਦੇਸ਼ ਵਿਚ ਹਵਾਲਾ ਕਾਰੋਬਾਰ ਕਰ ਰਿਹਾ ਹੈ। ਦੋਵਾਂ ਵਿਰੁੱਧ ਕਈ ਸਬੂਤ ਸੀਬੀਆਈ ਕੋਲ ਪਹੁੰਚ ਗਏ ਹਨ। ਕਾਰੋਬਾਰੀ ਨੇ ਪੁਲਿਸ ਨੂੰ ਦੱਸਿਆ ਕਿ ਇਹ ਸੁਣ ਕੇ ਉਹ ਬਹੁਤ ਪਰੇਸ਼ਾਨ ਹੋ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਉਸ ਦੇ ਬੈਂਕ ਖਾਤੇ ਤੋਂ 3.02 ਕਰੋੜ ਰੁਪਏ ਉਨ੍ਹਾਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿਚ ਆਨਲਾਈਨ ਟ੍ਰਾਂਸਫਰ ਕਰਵਾ ਲਏ।
Comments