ਜ਼ੀਰਕਪੁਰ 'ਚ ਪਰਿਵਾਰਿਕ ਮੈਂਬਰਾਂ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਔਰਤ ਦੀ ਮੌ+ਤ; ਪਤੀ ਤੇ ਲੜਕੇ ਦਾ ਪੀਜੀਆਈ ’ਚ ਚੱਲ ਰਿਹੈ ਇਲਾਜ
- Mar 24, 2024
- 1 min read
24/03/2024
ਜ਼ੀਰਕਪੁਰ ਦੇ ਪੀਰਮੁੱਛਲਾ ਖੇਤਰ ’ਚ ਸਥਿਤ ਵਰਿੰਦਾਵਨ ਗਾਰਡਨ ਸੁਸਾਇਟੀ ਦੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਇਕ ਔਰਤ (39) ਦੀ ਮੌਤ ਹੋ ਗਈ ਹੈ ਜਦਕਿ ਉਸ ਦਾ ਪਤੀ ਅਤੇ 19 ਸਾਲ ਦਾ ਲੜਕਾ ਪੀਜੀਆਈ ਹਸਪਤਾਲ ਵਿਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਜ਼ਹਿਰੀਲਾ ਪਦਾਰਥ ਨਿਗਲਣ ਦਾ ਕਾਰਨ ਘਰ ਦੀ ਆਰਥਿਕ ਤੰਗੀ ਮੰਨਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਵਰਿੰਦਾਵਨ ਗਾਰਡਨ ਦੇ ਫਲੈਟ ਨੰਬਰ 504 ਦੇ ਵਸਨੀਕ ਸੰਜੇ ਗੋਇਲ (50), ਅੰਜੂ ਗੋਇਲ (39) ਤੇ ਅਕਸ਼ਤਿ ਗੋਇਲ (19) ਵੱਲੋਂ ਕੋਈ ਜ਼ਹਿਰੀਲਾ ਪਦਾਰਥ ਨਿਗਲ ਲੈਣ ਦੀ ਸੂਚਨਾ ਮਿਲੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਕਸ਼ਤਿ ਗੋਇਲ ਵੱਲੋਂ ਅੱਜ ਸਵੇਰੇ 10 ਵਜੇ ਇਸ ਸਬੰਧੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਰਾਹੀਂ ਜਾਣਕਾਰੀ ਵੀ ਦਿੱਤੀ ਗਈ ਸੀ, ਜਿਸ ਵੱਲੋਂ ਮੌਕੇ ’ਤੇ ਐਂਬੂਲੈਂਸ ਬੁਲਾ ਕੇ ਗੰਭੀਰ ਹਾਲਤ ’ਚ ਉਨ੍ਹਾਂ ਨੂੰ ਢਕੌਲੀ ਦੇ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮੁੱਢਲੀ ਸਿਹਤ ਸਹੂਲਤ ਦੇਣ ਤੋਂ ਬਾਅਦ ਮੁਹਾਲੀ ਫੇਜ਼-6 ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਫੇਜ਼-6 ਦੇ ਸਰਕਾਰੀ ਹਸਪਤਾਲ ਵਿਖੇ ਵੀ ਸੰਜੇ ਗੋਇਲ ਤੇ ਅਕਸ਼ਤਿ ਗੋਇਲ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ ਜਦਕਿ ਡਾਕਟਰਾਂ ਨੇ ਅੰਜੂ ਗੋਇਲ (39) ਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਮੁਹਾਲੀ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤੀ ਗਈ ਹੈ।






Comments