ਭੇਤਭਰੇ ਹਾਲਾਤ 'ਚ ਦੋ ਸਕੇ ਭਰਾਵਾਂ ਦੀ ਮੌਤ, ਖੁਦਕਸ਼ੀ ਕਰਨ ਦਾ ਖਦਸ਼ਾ
- bhagattanya93
- Jul 9
- 1 min read
09/07/2025

ਬਠਿੰਡਾ ਸ਼ਹਿਰ ਦੇ ਜੁਝਾਰ ਸਿੰਘ ਨਗਰ ਵਿੱਚ ਦੋ ਸਕੇ ਭਰਾਵਾਂ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਜੁਝਾਰ ਸਿੰਘ ਨਗਰ ਖੇਤਰ ਵਿੱਚ ਜਿੱਥੇ ਸੋਗ ਦੀ ਲਹਿਰ ਹੈ, ਉੱਥੇ ਹੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਕਿ ਦੋਵਾਂ ਭਰਾਵਾਂ ਨੇ ਖੁਦਕੁਸ਼ੀ ਕੀਤੀ ਹੈ ਜਾਂ ਕੋਈ ਹੋਰ ਘਟਨਾ ਵਾਪਰੀ ਹੈ। ਦੋਵਾਂ ਵਿੱਚੋਂ ਇੱਕ ਭਰਾ ਨੇ ਫਾਹਾ ਲਗਾਇਆ ਹੋਇਆ ਸੀ, ਜਿਸ ਕਾਰਨ ਉਸਦੀ ਲਾਸ਼ ਲਟਕ ਰਹੀ ਸੀ, ਜਦੋਂ ਕਿ ਦੂਜੇ ਭਰਾ ਦੀ ਲਾਸ਼ ਬੈਡ ਉੱਪਰ ਪਈ ਹੋਈ ਸੀ।

ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਸਿਟੀ ਸਰਬਜੀਤ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਸੁਧਾਰ ਟਰਸਟ ਵਿੱਚ ਅਕਾਊਂਟੈਂਟ ਰਮਨ ਕੁਮਾਰ ਮਿੱਤਲ 40 ਸਾਲ ਅਤੇ ਉਸਦੇ ਭਰਾ ਅਜੇ ਮਿੱਤਲ 35 ਸਾਲ ਦੀ ਆਪਣੇ ਘਰ ਵਿੱਚ ਹੀ ਭੇਦ ਭਰੇ ਢੰਗ ਨਾਲ ਮੌਤ ਹੋਈ ਹੈ। ਉਨ੍ਹਾਂ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਦੋਂ ਕਿ ਰਮਨ ਕੁਮਾਰ ਦਾ ਆਪਣੀ ਪਤਨੀ ਨਾਲ ਘਰੇਲੂ ਝਗੜਾ ਚੱਲਦਿਆਂ ਉਹ ਅਲੱਗ ਰਹਿ ਰਹੀ ਸੀ। ਇਹ ਦੋਵੇਂ ਭਰਾ ਆਪਣੇ ਜੱਦੀ ਮਕਾਨ ਜੁਝਾਰ ਸਿੰਘ ਨਗਰ ਦੀ ਗਲੀ ਨੰਬਰ ਸੱਤ ਵਿੱਚ ਇਕੱਲੇ ਰਹਿ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਛੋਟਾ ਭਰਾ ਅਜੇ ਮਿੱਤਲ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਅਜੇ ਇਹ ਜਾਂਚ ਦਾ ਵਿਸ਼ਾ ਹੈ ਇਹ ਇਕ ਭਰਾ ਨੇ ਪਹਿਲਾਂ ਦੂਜੇ ਦਾ ਕਤਲ ਕਰਕੇ ਫਿਰ ਖੁਦਕੁਸ਼ੀ ਕੀਤੀ ਹੈ ਜਾਂ ਕੋਈ ਹੋਰ ਭਾਣਾ ਵਾਪਰਿਆ ਹੈ। ਇਹ ਸਥਿਤੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪਸ਼ਟ ਹੋ ਸਕੇਗੀ।





Comments