google-site-verification=ILda1dC6H-W6AIvmbNGGfu4HX55pqigU6f5bwsHOTeM
top of page

PAU ਦੇ ਵਿਦਿਆਰਥੀਆਂ ਵੱਲੋ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਜਾਗਰੂਕਤਾ ਦਾ ਪਸਾਰ ਕੀਤਾ ਗਿਆ

  • Writer: Ludhiana Plus
    Ludhiana Plus
  • Oct 11, 2023
  • 2 min read

11 ਅਕਤੂਬਰ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਬਾਗਬਾਨੀ ਅਤੇ ਜੰਗਲਾਤ ਕਾਲਜ ਦੇ ਵਿਦਿਆਰਥੀਆਂ ਦੁਆਰਾ ਰੂਰਲ ਅਵੇਅਰਨੈਸ ਵਰਕ ਐਕਸਪੀਰੀਐਂਸ (ਰਾਵੇ) ਪ੍ਰੋਜੈਕਟ ਅਧੀਨ ਪਿੰਡ ਜਾਂਗਪੁਰ ਵਿੱਚ ਪਰਾਲੀ ਦੀ ਸੁਚੱਜੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਜਾਗਰੂਕਤਾ ਕੈਂਪ ਅਯੋਜਿਤ ਕੀਤਾ ਗਿਆ ਅਤੇ ਇਸ ਤੋਂ ਬਾਅਦ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ |ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ |

ਇਸ ਕੈਂਪ ਦੀ ਮਹੱਤਤਾ ਬਾਰੇ ਦਸਦੇ ਹੋਏ ਕੈਂਪ ਦੇ ਇੰਚਾਰਜ ਡਾ. ਦਿਲਪ੍ਰੀਤ ਸਿੰਘ ਤਲਵਾੜ ਨੇ ਦੱਸਿਆ ਕਿ ਇਸ ਤਰਾਂ ਦੇ ਕੋਰਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਪੇਂਡੂ ਖੇਤੀ ਕਾਰਜਾਂ, ਪੇਂਡੂ ਵਿਰਾਸਤ ਅਤੇ ਮੌਜੂਦਾ ਖੇਤੀ ਢਾਂਚੇ ਨੂੰ ਸਮਝਣ ਅਤੇ ਯੂਨੀਵਰਸਿਟੀ ਦੀਆਂ ਤਕਨੀਕਾਂ ਦੇ ਪਸਾਰ ਲਈ ਬਹੁਤ ਮਹੱਤਤਾ ਰੱਖਦੇ ਹਨ |ਉਹਨਾਂ ਨੇ ਇਸ ਕੈਂਪ ਵਿੱਚ ਫ਼ਸਲੀ ਵਿਭਿੰਨਤਾ ਵਿੱਚ ਸਬਜ਼ੀਆਂ ਦੀ ਕਾਸ਼ਤ ਅਤੇ ਸੰਭਾਵਨਾਵਾਂ ਬਾਰੇ ਵਿਚਾਰ ਪੇਸ਼ ਕੀਤੇ |

ਡਾ ਅਸ਼ੋਕ ਕੁਮਾਰ ਧਾਕੜ ਨੇ ਖੇਤੀ ਜੰਗਲਾਤ ਦੀ ਮਹੱਤਤਾ, ਦਰੱਖਤਾਂ ਦੀ ਚੋਣ ਅਤੇ ਕਾਸ਼ਤ ਦੇ ਢੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਡਾ ਅਮਿਤ ਕੌਲ ਨੇ ਪਰਾਲੀ ਦੀ ਸੁਚੱਜੀ ਸੰਭਾਲ ਦੇ ਵੱਖ-ਵੱਖ ਨੁਕਤਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਗੱਲ ਤੇ ਜੋਰ ਦਿੱਤਾ ਕਿ ਪਰਾਲੀ ਨੂੰ ਕਿਸੇ ਵੀ ਹਾਲਤ ਵਿੱਚ ਅੱਗ ਨਾ ਲਗਾਈ ਜਾਵੇ ਸਗੋਂ ਖੇਤ ਵਿੱਚ ਹੀ ਵਾਹ ਕੇ ਮਿਲਾ ਦਿੱਤਾ ਜਾਵੇ ਕਿਉਂਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਨਾ ਸਿਰਫ਼ ਜ਼ਮੀਨ ਦੇ ਖਰਾਕੀ ਤੱਤ ਨਸ਼ਟ ਹੁੰਦੇ ਹਨ ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ | ੳੇਹਨਾਂ ਨੇ ਕਣਕ ਦੀ ਬਿਜਾਈ ਦੀਆਂ ਨਵੀਆਂ ਤਕਨੀਕਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ| ਇਸ ਤੋਂ ਇਲਾਵਾ ਡਾ ਜੁਪਿੰਦਰ ਕੌਰ ਨੇ ਕਿਸਾਨਾਂ ਨੂੰ ਜੀਵਾਣੂ ਖਾਦਾਂ ਦੀ ਮਹੱਤਤਾ ਇਹਨਾਂ ਦੀ ਵਰਤੋਂ ਦੇ ਢੰਗਾਂ ਅਤੇ ਉਪਲੱਬਧਤਾ ਬਾਰੇ ਚਾਨਣਾ ਪਾਇਆ|ਉਹਨਾਂ ਨੇ ਮਿੱਟੀ ਦੀ ਸਿਹਤ ਸੰਭਾਲ ਤੇ ਜ਼ੋਰ ਦਿੰਦਿਆਂ ਦੇਸੀ ਅਤੇ ਜੈਵਿਕ ਖਾਦਾਂ ਦੀ ਵਰਤੋਂ ਦੀ ਅਪੀਲ ਕੀਤੀ |

ਇਸ ਕੋਰਸ ਦੇ ਕੋਆਰਡੀਕੇਟਰ ਡਾ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਸਾਨਾਂ ਨੂੰ ਜ਼ਮੀਨੀ ਪਾਣੀ ਦੀ ਸੰਭਾਲ, ਪਰਾਲੀ ਦੀ ਸੁਚੱਜੀ ਸੰਭਾਲ ਅਤੇ ਫ਼ਲਦਾਰ ਬੂਟਿਆਂ ਦੀ ਕਾਸ਼ਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ | ਵੱਖ-ਵੱਖ ਵਿਸ਼ਿਆ ਦੇ ਮਾਹਿਰਾਂ ਵੱਲੋਂ ਕਿਸਾਨਾ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ | ਇਸ ਕੈਂਪ ਵਿੱਚ ਪਿੰਡ ਜਾਂਗਪੁਰ ਦੇ ਅਗਾਂਹਵਧੂ ਕਿਸਾਨ ਵੀਰਾਂ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ | ਇਸ ਕੈਂਪ ਵਿੱਚ ਡਾ ਮਨਵੀਨ ਕੌਰ ਬਾਠ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਿਰ ਸਨ |ਅੰਤ ਵਿੱਚ ਸਿਖਿਆਰਥੀਆਂ ਨੇ ਸਮੂਹ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ | ਇਸ ਕੈਂਪ ਦੀ ਸਮਾਪਤੀ ਤੋਂ ਬਾਅਦ ਵਿਦਿਆਰਥੀਆਂ ਨੇ ਪੂਰੇ ਪਿੰਡ ਵਿੱਚ ਝੋਨੇ ਦੀ ਪਰਾਲੀ ਨਾ ਸਾੜਨ ਅਤੇ ਇਸ ਦੀ ਸੁਚੱਜੀ ਸੰਭਾਲ ਬਾਰੇ ਜਾਗਰੂਕਤਾ ਰੈਲੀ ਕੱਢੀ | ਇਸ ਕੈਂਪ ਦਾ ਸੰਚਾਲਨ ਬੀ.ਐਸ. ਸੀ. (ਬਾਗਬਾਨੀ) ਦੀ ਸਿਖਿਆਰਥਣ ਨਵਜੀਤ ਕੌਰ ਅਤੇ ਗੁਰਲੀਨ ਕੌਰ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਕੀਤਾ |

Comments


Logo-LudhianaPlusColorChange_edited.png
bottom of page