PAU ਦੇ ਵਿਦਿਆਰਥੀਆਂ ਨੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਸਬੰਧੀ ਕੈਂਪ ਲਾਇਆ
- Ludhiana Plus
- Oct 19, 2023
- 2 min read
19 ਅਕਤੂਬਰ

ਪੀ ਏ ਯੂ ਦੇ ਪਸਾਰ ਸਿੱਖਿਆ ਵਿਭਾਗ ਨੇ ਰੂਰਲ ਅਵੇਅਰਨੈਸ ਵਰਕ ਐਕਸਪੀਰੀਅੰਸ ਪ੍ਰੋਗਰਾਮ (ਰਾਵੇ) ਦੇ ਤਹਿਤ ਬੀ.ਐਸ.ਸੀ. ਐਗਰੀਕਲਚਰ ਆਨਰਸ ਦੇ ਅੰਤਮ ਸਾਲ ਦੇ ਵਿਦਿਆਰਥੀਆਂ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਸਬੰਧੀ ਕਿਸਾਨ ਲਾਮਬੰਦੀ ਕੈਂਪ ਲਾਇਆ ਗਿਆ। ਇਹ ਕੈਂਪ ਪਿੰਡ ਲਲਤੋਂ ਖੁਰਦ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ 70 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।ਕੈਂਪ ਦੌਰਾਨ ਡਾ.ਕੁਲਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਆਧੁਨਿਕ ਖੇਤੀ ਖੁਰਾਕ ਦੀ ਮਿੱਥੀ ਮੰਗ ਨੂੰ ਪੂਰਾ ਕਰਨ ਵਿੱਚ ਸਫਲ ਰਹੀ ਹੈ, ਪਰ ਲਾਗਤ ਸਮੱਗਰੀ ਦੀ ਵਿਆਪਕ ਵਰਤੋਂ ਨਾਲ ਵਾਤਾਵਰਨ ਸਬੰਧੀ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕੁਦਰਤੀ ਸੋਮਿਆਂ ਦੀ ਸੰਭਾਲ ਦੇ ਨਾਲ-ਨਾਲ ਖੇਤੀ ਉਤਪਾਦਨ ਨੂੰ ਕਾਇਮ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸਾਡਾ ਵਿਭਾਗ ਖੇਤਾਂ ਵਿੱਚ ਵੱਖ-ਵੱਖ ਪਸਾਰ ਗਤੀਵਿਧੀਆਂ ਦਾ ਆਯੋਜਨ ਕਰਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ।ਕਿਸਾਨਾਂ ਦਾ ਸੁਆਗਤ ਕਰਦਿਆਂ ਡਾ: ਲਖਵਿੰਦਰ ਕੌਰ ਨੇ ਮੌਜੂਦਾ ਸਥਿਤੀ ਬਾਰੇ ਚਿੰਤਾ ਪ੍ਰਗਟਾਈ ਜਿਸ ਕਾਰਨ ਸਿਹਤ ਅਤੇ ਵਾਤਾਵਰਣ ਨੂੰ ਖਤਰਾ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀਆਂ ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ਲਾਉਣ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ।
ਉਨਾਂ ਨੇ ਪੇਂਡੂ ਭਾਈਚਾਰੇ ਨੂੰ ਪੀਏਯੂ ਦੀਆਂ ਵੱਖ-ਵੱਖ ਐਪਾਂ ਜਿਵੇਂ ਕਿ ਪੀਏਯੂ ਕਿਸਾਨ ਐਪ, ਡਿਜੀਟਲ ਖੇਤੀ ਅਖਬਾਰ ਆਦਿ ਬਾਰੇ ਵੀ ਜਾਣੂ ਕਰਵਾਇਆ।

ਡਾ: ਦਾਰਾ ਸਿੰਘ ਖੇਤੀਬਾੜੀ ਅਫ਼ਸਰ ਨੇ ਪੰਜਾਬ ਵਿੱਚ ਪਾਣੀ ਦੀ ਕਮੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਸਾਨਾਂ ਨੂੰ ਖੇਤ ਅਤੇ ਘਰੇਲੂ ਪੱਧਰ 'ਤੇ ਪਾਣੀ ਪ੍ਰਬੰਧਨ ਦੀਆਂ ਰਣਨੀਤੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ। ਉਸ ਨੇ ਵੀ ਸਲਾਹ ਦਿੱਤੀ ਕਿ ਕਿਸਾਨ ਖਾਦਾਂ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਤੋਂ ਬਚਣ।ਡਾ: ਸੰਦੀਪ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਖੇਤ ਵਿਚ ਅਤੇ ਖੇਤ ਤੋਂ ਬਾਹਰ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਸਹਾਇਕ ਕਿੱਤਿਆਂ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ ਜੋ ਕਿ ਕਿਸਾਨ ਪਰਿਵਾਰ ਦਾ ਅਨਿੱਖੜਵਾਂ ਅੰਗ ਬਣਨਾ ਚਾਹੀਦਾ ਹੈ। ਡਾ: ਪ੍ਰਕਾਸ਼ ਸਿੰਘ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਵਿਭਾਗ ਦੀਆਂ ਚੱਲ ਰਹੀਆਂ ਵੱਖ-ਵੱਖ ਸਬਸਿਡੀ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।ਪ੍ਰੋਗਰਾਮ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਚਾਰਟ, ਪੋਸਟਰ ਤਿਆਰ ਕਰਨ, ਭਾਸ਼ਣ ਦੇਣ, ਸਮਾਜਿਕ ਮੁੱਦਿਆਂ 'ਤੇ ਕਵਿਤਾਵਾਂ ਸੁਣਾਉਣ ਆਦਿ ਲਈ ਕਿਹਾ ਗਿਆ ਅਤੇ ਸਕੂਲੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਯਤਨਾਂ ਲਈ ਇਨਾਮ ਦਿੱਤੇ ਗਏ। ਵਿਦਿਆਰਥੀ ਹਰਭਜਨ ਸਿੰਘ, ਲਕਸ਼ੈ, ਮਨਜੋਤ ਕੌਰ ਅਤੇ ਸਹਿਜਪ੍ਰੀਤ ਕੌਰ ਨੇ ਕੈਂਪ ਦੌਰਾਨ ਭਾਸ਼ਣ ਵੀ ਦਿੱਤੇ। ਇਸ ਸਮਾਗਮ ਵਿੱਚ ਸਬਜ਼ੀਆਂ ਦੀਆਂ ਕਿੱਟਾਂ, ਤੇਲ ਬੀਜ ਕਿੱਟਾਂ ਅਤੇ ਪੀਏਯੂ ਸਾਹਿਤ ਵੀ ਵੰਡਿਆ ਗਿਆ।
ਕਿਸਾਨਾਂ ਨੇ ਵਿਗਿਆਨੀਆਂ ਨਾਲ ਗੱਲਬਾਤ ਕੀਤੀ ਅਤੇ ਕਿਸਾਨ ਸ: ਪਰਮਿੰਦਰ ਸਿੰਘ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਦੀ ਸਫ਼ਲਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪਿੰਡ ਦੇ ਸਰਪੰਚ ਸ.ਗੁਰਜਗਦੀਪ ਸਿੰਘ ਨੇ ਧੰਨਵਾਦ ਕੀਤਾ। ਪਿੰਡ ਵਾਸੀਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।

Comentarios