google-site-verification=ILda1dC6H-W6AIvmbNGGfu4HX55pqigU6f5bwsHOTeM
top of page

CM ਭਗਵੰਤ ਮਾਨ ਪੀਏਯੂ ਤੋਂ 16 ਨਵੰਬਰ ਨੂੰ ਨਸ਼ਿਆਂ ਵਿਰੁੱਧ ਮੈਗਾ ਸਾਈਕਲ ਰੈਲੀ ਨੂੰ ਦੇਣਗੇ ਹਰੀ ਝੰਡੀ

  • bhagattanya93
  • Nov 15, 2023
  • 2 min read

ਲੁਧਿਆਣਾ, 15 ਨਵੰਬਰ

ree

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਪੀਏਯੂ ਕੈਂਪਸ ਵਿਖੇ ਨਸ਼ਿਆਂ ਵਿਰੁੱਧ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਇਸ ਮੈਗਾ ਈਵੈਂਟ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਜਦਕਿ ਡੀਜੀਪੀ ਪੰਜਾਬ ਗੌਰਵ ਯਾਦਵ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ।  ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੁੱਧ ਇਸ ਮੈਗਾ ਈਵੈਂਟ ਲਈ 20,000 ਤੋਂ ਵੱਧ ਭਾਗੀਦਾਰ ਪਹਿਲਾਂ ਹੀ ਆਪਣੇ ਨਾਮ ਦਰਜ ਕਰਵਾ ਚੁੱਕੇ ਹਨ।

ਸੀਪੀ ਨੇ ਕਿਹਾ ਕਿ ਇਹ ਸਮਾਗਮ ਦੇਸ਼ ਵਿੱਚ ਨਸ਼ਿਆਂ ਦੀ ਅਲਾਮਤ ਵਿਰੁੱਧ ਇੱਕ ਨਵੀਂ ਸਫਲਤਾ ਦੀ ਕਹਾਣੀ ਲਿਖੇਗਾ, ਜਿਸ ਵਿੱਚ ਇੰਨੀ ਵੱਡੀ ਆਬਾਦੀ ਸ਼ਾਮਲ ਹੋਵੇਗੀ।  ਉਨ੍ਹਾਂ ਅੱਗੇ ਦੱਸਿਆ ਕਿ ਇਹ ਮੈਗਾ ਸਾਈਕਲ ਰੈਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਹੋਵੇਗੀ।

ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਸਾਈਕਲ ਰੈਲੀ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਹੈ ਜੋ ਪੀਏਯੂ ਕੈਂਪਸ ਤੋਂ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਲਗਭਗ 13 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉਸੇ ਸਥਾਨ 'ਤੇ ਸਮਾਪਤ ਹੋਵੇਗੀ।  ਉਨ੍ਹਾਂ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ, ਸ਼ਹੀਦ ਭਗਤ ਸਿੰਘ ਦੇ ਜੱਦੀ ਸਥਾਨ ਖਟਕੜ ਕਲਾਂ, ਹੁਸੈਨੀਵਾਲਾ ਕੌਮੀ ਸ਼ਹੀਦੀ ਸਮਾਰਕ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਸੁਖਦੇਵ ਦੇ ਜੱਦੀ ਸਥਾਨਾਂ ਦੀ ਮਿੱਟੀ ਪੀਏਯੂ ਕੈਂਪਸ ਵਿੱਚ ਲਿਆਂਦੀ ਜਾਵੇਗੀ।  ਇਸ ਮਿੱਟੀ ਵਿੱਚ ਵੱਖ-ਵੱਖ ਪੌਦੇ ਜਿਵੇਂ ਕਿ ‘ਟ੍ਰੀ ਆਫ਼ ਹਾਰਮੋਨੀ’, ‘ਟਰੀ ਆਫ਼ ਪ੍ਰੌਮਿਸ’, ‘ਟਰੀ ਆਫ਼ ਵਿਜ਼ਡਮ’, ‘ਟਰੀ ਆਫ਼ ਯੂਨਿਟੀ’ ਅਤੇ ‘ਟਰੀ ਆਫ਼ ਹੋਪ’ ਲਗਾਏ ਜਾਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮਾਗਮ ਵਿੱਚ ਡਾਕਟਰ, ਉਦਯੋਗਪਤੀ, ਵਿਦਿਆਰਥੀ, ਯੂਥ ਕਲੱਬਾਂ, ਪਿੰਡਾਂ ਦੇ ਸਰਪੰਚ ਸਮੇਤ ਹਰ ਵਰਗ ਦੇ ਲੋਕ ਸ਼ਮੂਲੀਅਤ ਕਰਨਗੇ, ਜਿਸ ਨਾਲ ਇਸ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ ਲਹਿਰ ਦਾ ਰੂਪ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਈਵੈਂਟ ਤੋਂ ਬਾਅਦ ਲੱਕੀ ਡਰਾਅ ਕੱਢਿਆ ਜਾਵੇਗਾ ਅਤੇ 151 ਚੁਣੇ ਹੋਏ ਪ੍ਰਤੀਯੋਗੀਆਂ ਨੂੰ ਈਵੈਂਟ ਤੋਂ ਬਾਅਦ ਨਵੇਂ ਸਾਈਕਲ ਦਿੱਤੇ ਜਾਣਗੇ।

ਇਸੇ ਤਰ੍ਹਾਂ ਸਾਰੇ ਪ੍ਰਤੀਯੋਗੀਆਂ ਨੂੰ ਈਵੈਂਟ ਤੋਂ ਬਾਅਦ ਭਾਗੀਦਾਰੀ ਦਾ ਪ੍ਰਮਾਣ ਪੱਤਰ ਅਤੇ ਮੈਡਲ ਦਿੱਤੇ ਜਾਣਗੇ।  ਉਨ੍ਹਾਂ ਦੱਸਿਆ ਕਿ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਥਾਵਾਂ 'ਤੇ ਡਾਕਟਰਾਂ ਦੀਆਂ ਟੀਮਾਂ, ਐਂਬੂਲੈਂਸਾਂ ਆਦਿ ਤਾਇਨਾਤ ਕੀਤੀਆਂ ਗਈਆਂ ਹਨ।  ਪ੍ਤੀਭਾਗਿਆਂ ਨੂੰ ਰੂਟ 'ਤੇ ਜੂਸ ਪੈਕ ਵੀ ਮਿਲਣਗੇ।

ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਨੂੰ ਸਮੂਹਿਕ ਯਤਨਾਂ ਨਾਲ ਹੀ ਜਿੱਤਿਆ ਜਾ ਸਕਦਾ ਹੈ।  ਇਸ ਲਈ ਇਹ ਰੈਲੀ ਨਸ਼ਿਆਂ ਵਿਰੁੱਧ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗੀ।  ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਰੈਲੀ ਨੂੰ ਸੂਬੇ ਭਰ ਵਿੱਚ ਸਫ਼ਲ ਬਣਾਉਣ ਲਈ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਕਿਉਂਕਿ ਕੋਈ ਵੀ ਵਿਅਕਤੀ ਬਿਨਾਂ ਰਜਿਸਟ੍ਰੇਸ਼ਨ ਤੋਂ ਵੀ ਇਸ ਵਿੱਚ ਭਾਗ ਲੈ ਸਕਦਾ ਹੈ।

Comments


Logo-LudhianaPlusColorChange_edited.png
bottom of page