ਲੁਧਿਆਣਾ ’ਚ ਛੇ ਘੰਟਿਆਂ ’ਚ 116 ਮਿਮੀ ਪਿਆ ਮੀਂਹ, 50 ਸਾਲ ਦਾ ਟੁੱਟਾ ਰਿਕਾਰਡ
- Ludhiana Plus
- Jun 18
- 2 min read
18/06/2025

ਮੌਨਸੂਨ ਦੀ ਆਮਦ ਤੋਂ ਪਹਿਲਾਂ ਮੰਗਲਵਾਰ ਨੂੰ ਪੰਜਾਬ ’ਚ ਜ਼ੋਰਦਾਰ ਬਾਰਿਸ਼ ਹੋਈ। ਸਾਰਾ ਦਿਨ ਬੱਦਲ ਛਾਏ ਰਹੇ ਤੇ ਕਈ ਥਾਈਂ ਬੂੰਦਾਬਾਂਦੀ ਹੁੰਦੀ ਰਹੀ। ਲੁਧਿਆਣਾ ’ਚ ਬਾਰਿਸ਼ ਦਾ 50 ਸਾਲਾਂ ਦਾ ਰਿਕਾਰਡ ਟੁੱਟ ਗਿਆ। ਮੌਸਮ ਵਿਭਾਗ, ਚੰਡੀਗੜ੍ਹ ਮੁਤਾਬਕ ਸੂਬੇ ਦੇ ਕਈ ਜ਼ਿਲ੍ਹਿਆਂ ’ਚ 22 ਜੂਨ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ ਹੈ, ਜਿਸ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੰਗਲਵਾਰ ਸਵੇਰੇ ਤਿੰਨ ਵਜੇ ਤੋਂ ਤੇਜ਼ ਹਵਾ ਨਾਲ ਕਈ ਜ਼ਿਲ੍ਹਿਆਂ ’ਚ ਬਾਰਿਸ਼ ਸ਼ੁਰੂ ਹੋ ਗਈ। ਲੁਧਿਆਣਾ ’ਚ ਸਭ ਤੋਂ ਵੱਧ ਬਾਰਿਸ਼ ਹੋਈ। ਇੱਥੇ ਸਵੇਰੇ ਚਾਰ ਤੋਂ ਨੌਂ ਵਜੇ ਤੱਕ 116 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਆਮ ਤੌਰ ’ਤੇ ਜੂਨ ਮਹੀਨੇ ਦੌਰਾਨ ਲੁਧਿਆਣਾ ’ਚ 82 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਪਰ ਮੰਗਲਵਾਰ ਨੂੰ ਇਕ ਦਿਨ ’ਚ ਹੀ ਪੂਰੇ ਮਹੀਨੇ ਤੋਂ ਵੱਧ ਬਾਰਿਸ਼ ਹੋ ਗਈ। ਪਿਛਲੇ 50 ਸਾਲਾਂ ’ਚ 17 ਜੂਨ ਨੂੰ ਏਨੀ ਬਾਰਿਸ਼ ਨਹੀਂ ਹੋਈ ਸੀ। ਹਾਲਾਂਕਿ 29 ਜੂਨ 2018 ਨੂੰ 117 ਤੇ 30 ਜੂਨ 1988 ਨੂੰ 134.3 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਸੀ।

ਗਰਮੀ ਤੋਂ ਮਿਲੀ ਰਾਹਤ, ਤਾਪਮਾਨ 7 ਡਿਗਰੀ ਘਟਿਆ
ਇਸ ਬਾਰਿਸ਼ ਨੇ ਪਿਛਲੇ ਦਸ ਦਿਨਾਂ ਤੋਂ ਚੱਲ ਰਹੀ ਲੂ ਤੇ ਜ਼ਬਰਦਸਤ ਗਰਮੀ ਤੋਂ ਰਾਹਤ ਦਿਵਾਈ ਹੈ। ਕਿਸਾਨਾਂ ਦੇ ਵੀ ਚਿਹਰੇ ਖਿੜ ਉੱਠੇ ਹਨ। ਝੁਲਸ ਰਹੀ ਝੋਨੇ ਦੀ ਫ਼ਸਲ ਨੂੰ ਭਰਪੂਰ ਪਾਣੀ ਮਿਲ ਗਿਆ ਹੈ। ਦਿਨ ਤੇ ਰਾਤ ਦੇ ਤਾਪਮਾਨ ’ਚ ਵੀ ਸੱਤ ਤੋਂ ਅੱਠ ਡਿਗਰੀ ਸੈਲਸੀਅਸ ਤੱਕ ਦੀ ਕਮੀ ਆਈ ਹੈ। ਦਿਨ ਦਾ ਤਾਪਮਾਨ 35 ਤੇ ਰਾਤ ਦਾ ਤਾਪਮਾਨ 27 ਡਿਗਰੀ ਸੈਲਸੀੱਸ ਤੱਕ ਦਰਜ ਕੀਤਾ ਗਿਆ ਹੈ।
ਝੋਨੇ ਤੇ ਸਬਜ਼ੀਆਂ ਲਈ ਵਰਦਾਨ
ਖੇਤੀ ਮਾਹਰ ਡਾ. ਸੁਖਪਾਲ ਸਿੰਘ ਮੁਤਾਬਕ, ਪੰਜਾਬ ’ਚ ਹੋਈ ਬਾਰਿਸ਼ ਝੋਨੇ ਤੇ ਸਬਜ਼ੀਆਂ ਦੀਆਂ ਫ਼ਸਲਾਂ ਲਈ ਬਹੁਤ ਲਾਭਕਾਰੀ ਹੈ। ਪਿਛਲੇ ਦਿਨੀਂ ਲੂ ਕਾਰਨ ਕਿਸਾਨਾਂ ਨੂੰ ਝੋਨੇ ਦੇ ਖੇਤਾਂ ’ਚ ਰੋਜ਼ਾਨਾ ਪਾਣੀ ਲਗਾਉਣਾ ਪੈ ਰਿਹਾ ਸੀ, ਪਰ ਹੁਣ ਬਾਰਿਸ਼ ਤੋਂ ਉਨ੍ਹਾਂ ਨੂੰ ਰਾਹਤ ਮਿਲੀ ਹੈ।
Comments