PAU ਦੀ ਸਾਬਕਾ ਵਿਦਿਆਰਥਣ ਆਸਟ੍ਰੇਲੀਆ ਦੀ ਸੰਸਦ ਮੈਂਬਰ ਬਣੀ
- bhagattanya93
- 13 minutes ago
- 1 min read
23/05/2025

PAU ਦੀ ਸਾਬਕਾ ਵਿਦਿਆਰਥਣ ਡਾ. ਪਰਵਿੰਦਰ ਕੌਰ ਪੱਛਮੀ ਆਸਟ੍ਰੇਲੀਆ ਦੇ ਪਾਰਲੀਮੈਂਟ ਦੀ ਪਹਿਲੀ ਪੰਜਾਬੀ ਔਰਤ ਮੈਂਬਰ ਵਜੋਂ ਸਹੁੰ ਚੁੱਕਣਗੇ। ਨਵੇਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਹਯਾਤਪੁਰ ਰੁੜਕੀ ਵਿਖੇ ਸ. ਕਸ਼ਮੀਰ ਸਿੰਘ ਦੇ ਘਰ ਜਨਮ ਲੈਣ ਵਾਲੀ ਡਾ. ਪਰਵਿੰਦਰ ਕੌਰ ਦੀ ਰੁਚੀ ਸ਼ੁਰੂ ਤੋਂ ਹੀ ਵਿਗਿਆਨਕ ਵਿਸ਼ਿਆਂ ਵਿਚ ਸੀ। ਉਨ੍ਹਾਂ 12ਵੀਂ ਤੋਂ ਬਾਅਦ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਦਾਖਲਾ ਲਿਆ।ਬੀ ਐੱਸ ਸੀ ਅਤੇ ਐੱਮ ਐੱਸ ਸੀ ਪੀ.ਏ.ਯੂ. ਤੋਂ ਕਰਨ ਤੋਂ ਬਾਅਦ ਉਹ ਉਚੇਰੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਚਲੇ ਗਏ ਅਤੇ ਉਥੇ ਫਸਲਾਂ ਦੇ ਡੀ ਐੱਨ ਏ ਉੱਪਰ ਕੰਮ ਕੀਤਾ।ਵਿਸ਼ੇਸ਼ ਤੌਰ ਤੇ ਪਸ਼ੂਆਂ ਦੇ ਚਾਰੇ ਵਿਚ ਬਣਨ ਵਾਲੀ ਮੀਥੇਨ ਗੈਸ ਸੰਬੰਧੀ ਕੀਤੇ ਕਾਰਜ ਲਈ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਸਨਮਾਨਿਤ ਕੀਤਾ। ਪੱਛਮੀ ਆਸਟ੍ਰੇਲੀਆ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦਿਆਂ ਉਨ੍ਹਾਂ ਨੇ ਸਮਾਜ ਦੀ ਭਲਾਈ ਨੂੰ ਆਪਣਾ ਮੁੱਖ ਮੰਤਵ ਬਣਾਇਆ। ਇਸਦੇ ਸਿੱਟੇ ਵਜੋਂ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਉਨ੍ਹਾਂ ਨੂੰ ਉਪਰਲੇ ਸਦਨ ਲਈ ਆਪਣਾ ਨੁਮਾਇੰਦਾ ਬਣਾਇਆ। ਪੰਜਾਬੀ ਭਾਈਚਾਰੇ ਵਿਚ ਚੰਗੇ ਰਸੂਖ ਸਦਕਾ ਡਾ. ਪਰਵਿੰਦਰ ਕੌਰ ਵੱਡੀ ਜਿੱਤ ਨਾਲ ਆਸਟ੍ਰੇਲੀਆ ਦੀ ਸੰਸਦ ਦੀਆਂ ਬਰੂਹਾਂ ਤੱਕ ਪਹੁੰਚਣ ਵਾਲੇ ਪਹਿਲੇ ਔਰਤ ਪੰਜਾਬੀ ਮੈਂਬਰ ਬਣੇ ਹਨ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਸਮੂਹ ਉੱਚ ਅਧਿਕਾਰੀਆਂ ਨੇ ਡਾ. ਪਰਵਿੰਦਰ ਦਾ ਆਸਟ੍ਰੇਲੀਆ ਦੀ ਸੰਸਦ ਲਈ ਚੁਣੇ ਜਾਣਾ ਬੇਹੱਦ ਸ਼ੁੱਭ ਕਾਰਜ ਮੰਨਿਆ ਅਤੇ ਉਨ੍ਹਾਂ ਨੂੰ ਅਗਲੇਰੀ ਸਫਲਤਾ ਲਈ ਵਧਾਈ ਦਿੱਤੀ।
Comments