google-site-verification=ILda1dC6H-W6AIvmbNGGfu4HX55pqigU6f5bwsHOTeM
top of page

ਆਸਟ੍ਰੇਲੀਆ 'ਚ ਮੀਂਹ ਨੇ ਛੱਤਾਂ 'ਤੇ ਚੜ੍ਹਾਏ ਲੋਕ, ਸੜਕਾਂ 'ਤੇ ਘੁੰਮ ਰਹੇ ਮਗਰਮੱਛ

  • bhagattanya93
  • Dec 19, 2023
  • 1 min read

19/12/2023

ree

ਆਸਟ੍ਰੇਲੀਆ ਦੇ ਉੱਤਰ-ਪੂਰਬੀ ਹਿੱਸੇ ਵਿੱਚ ਮੀਂਹ ਲੋਕਾਂ ਲਈ ਇੱਕ ਸਮੱਸਿਆ ਬਣ ਗਿਆ ਹੈ। ਇੱਥੋਂ ਦੇ ਕਈ ਇਲਾਕਿਆਂ ਦੀ ਸਥਿਤੀ ਅਜਿਹੀ ਹੈ ਕਿ ਲੋਕ ਆਪਣੀਆਂ ਛੱਤਾਂ 'ਤੇ ਰਹਿਣ ਲਈ ਮਜਬੂਰ ਹਨ। ਮੀਂਹ ਕਾਰਨ ਆਏ ਹੜ੍ਹਾਂ ਕਾਰਨ ਹਜ਼ਾਰਾਂ ਲੋਕ ਫਸੇ ਹੋਏ ਹਨ, ਜਦਕਿ 300 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ ਹੈ। ਹੜ੍ਹ ਦੇ ਪਾਣੀ ਕਾਰਨ ਕੇਰਨਜ਼ ਏਅਰਪੋਰਟ ਸੋਮਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਕਾਰਨ 1,50,000 ਲੋਕਾਂ ਨਾਲ ਸੰਪਰਕ ਪੂਰੀ ਤਰ੍ਹਾਂ ਕੱਟਿਆ ਗਿਆ ਹੈ।

ਨੇੜਲੇ ਪੋਰਟ ਡਗਲਸ, ਡੈਨਟਰੀ, ਕੁੱਕਟਾਊਨ, ਵੁਜਲ ਵੁਜਲ ਅਤੇ ਹੋਪ ਵੇਲ ਵਿੱਚ ਬਹੁਤ ਗੰਭੀਰ ਮੌਸਮ ਚਿਤਾਵਨੀਆਂ ਦੇ ਨਾਲ ਹੋਰ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਕੁਈਨਜ਼ਲੈਂਡ ਸਟੇਟ ਪੁਲਿਸ ਕਮਿਸ਼ਨਰ ਕੈਟਰੀਨਾ ਕੈਰੋਲ ਨੇ ਹੜ੍ਹ ਨੂੰ ਵਿਨਾਸ਼ਕਾਰੀ ਦੱਸਿਆ ਹੈ। ਕੈਰੋਲ ਨੇ ਕਿਹਾ ਕਿ ਬੀਤੀ ਰਾਤ ਸਾਡੇ ਲਈ ਚੁਣੌਤੀਪੂਰਨ ਸੀ ਜਦੋਂ ਅਸੀਂ ਲਗਭਗ 300 ਲੋਕਾਂ ਨੂੰ ਬਚਾਇਆ। ਉਨ੍ਹਾਂ ਕਿਹਾ ਕਿ ਕਿਸੇ ਦੇ ਮਰਨ ਜਾਂ ਗੰਭੀਰ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।

ree

ਮੀਂਹ ਕਾਰਨ ਕਈ ਇਲਾਕਿਆਂ 'ਚ ਮਗਰਮੱਛ ਅਤੇ ਸੱਪ ਸੜਕਾਂ 'ਤੇ ਘੁੰਮਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ 'ਚ ਸੜਕਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬੀਆਂ ਅਤੇ ਨੁਕਸਾਨੀਆਂ ਦਿਖਾਈ ਦੇ ਰਹੀਆਂ ਹਨ। ਮੀਂਹ ਕਾਰਨ ਕਰੀਬ 15,000 ਵਸਨੀਕ ਵੀ ਬਿਜਲੀ ਤੋਂ ਸੱਖਣੇ ਹੋ ਗਏ ਹਨ। ਅਧਿਕਾਰੀਆਂ ਨੇ ਹੜ੍ਹ ਪ੍ਰਭਾਵਿਤ ਕੁਈਨਜ਼ਲੈਂਡ ਵਾਸੀਆਂ ਨੂੰ ਹੜ੍ਹ ਦੇ ਪਾਣੀ ਵਿੱਚ ਸੱਪਾਂ ਅਤੇ ਮਗਰਮੱਛਾਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਵੀ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ, "ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ। ਅਜਿਹੇ 'ਚ ਕਈ ਥਾਵਾਂ 'ਤੇ ਮਗਰਮੱਛ ਆ ਸਕਦੇ ਹਨ, ਜਿਸ ਨਾਲ ਖ਼ਤਰਾ ਪੈਦਾ ਹੋ ਸਕਦਾ ਹੈ।"



Comments


Logo-LudhianaPlusColorChange_edited.png
bottom of page