ਇਕ ਮਾਂ ਨੇ ਲਾਵਾਰਸ ਛੱਡਿਆ, ਦੂਜੀ ਨੇ ਗੋਦ ਲੈਣ ਲਈ ਪੱਲਾ ਅੱਡਿਆ
- May 21, 2024
- 2 min read
21/05/2024
ਸਮਰਾਲਾ ਨੇੜਲੇ ਪਿੰਡ ਛੰਦੜਾਂ ਕੋਲ ਪ੍ਰਵਾਸੀ ਮਜ਼ਦੂਰਾਂ ਦੀ ਕਾਲੋਨੀ ਨੇੜੇ ਇੱਕ ਫੈਕਟਰੀ ਦੀ ਛੱਤ ’ਤੇ ਲਾਵਾਰਸ ਹਾਲਤ ਵਿਚ ਪਈ ਮਿਲੀ ਨਵਜੰਮੀ ਬੱਚੀ ਨੂੰ ਸਥਾਨਕ ਲੋਕਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਸ ਬੱਚੀ ਦਾ ਮੁੱਢਲਾ ਇਲਾਜ਼ ਸ਼ੁਰੂ ਕੀਤਾ ਗਿਆ ਅਤੇ ਉਸਨੂੰ ਲੋੜੀਂਦੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਨਵਜੰਮੀ ਬੱਚੀ ਨੂੰ ਜਨਮ ਦੇਣ ਵਾਲੀ ਉਸ ਦੀ ਮਾਂ ਉਸਨੂੰ ਕਪੱੜੇ ਵਿਚ ਲਪੇਟ ਕੇ ਫੈਕਟਰੀ ਦੀ ਛੱਤ ਤੇ ਲਾਵਾਰਸ ਛੱਡ ਗਈ। ਉੱਥੋਂ ਲੰਘਣ ਵਾਲੀ ਅਰੁਣਾ ਦੇਵੀ ਨਾਮ ਦੀ ਪ੍ਰਵਾਸੀ ਮਜ਼ਦੂਰ ਮਹਿਲਾ ਨੇ ਬੱਚੀ ਨੂੰ ਵੇਖਿਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਸਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਲੈ ਆਈ। ਬੱਚੀ ਦਾ ਇਲਾਜ ਕਰ ਰਹੇ ਡਾ. ਰਮਨ ਨੇ ਦੱਸਿਆ ਕਿ, ਕਰੀਬ 8 ਮਹੀਨੇ ਦੀ ਇਸ ਬੱਚੀ ਦਾ ਜਨਮ ਕੁਝ ਘੰਟੇ ਪਹਿਲਾ ਹੀ ਹੋਇਆ ਹੈ ਅਤੇ ਉਸ ਦਾ ਨਾੜੂ ਵੀ ਇੱਥੇ ਆਉਣ ਤੋਂ ਬਾਅਦ ਕੱਟਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀ ਨੂੰ ਸਪੈਸ਼ਲ ਚਾਈਲਡ ਕੇਅਰ ਵਾਰਡ ਵਿਚ ਰੱਖਿਆ ਗਿਆ, ਜਿੱਥੇ ਕਿ ਉਸ ਨੂੰ ਬਚਾਉਣ ਲਈ ਆਕਸੀਜ਼ਨ ਅਤੇ ਹੋਰ ਲੋਂੜੀਦਾ ਇਲਾਜ ਦੇਣ ਉਪਰੰਤ ਹਾਲਤ ਨਾਜ਼ੁਕ ਹੋਣ ਕਾਰਨ ਲੁਧਿਆਣਾ ਭੇਜਿਆ ਜਾ ਰਿਹਾ ਹੈ।
ਹਸਪਤਾਲ ‘ਚ ਬੱਚੀ ਨੂੰ ਮਿਲੀ ਨਵੀਂ ਮਾਂ
ਅੱਜ ਸਵੇਰੇ ਜਦੋਂ ਇਸ ਨਵਜੰਮੀ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਇਸ ਮਾਸੂਮ ਦੀ ਕੇਅਰ ਕਰਦੀ ਹੋਈ ਹਸਪਤਾਲ ਦੀ ਸਟਾਫ਼ ਨਰਸ ਸਰਬਜੀਤ ਕੌਰ ਕਾਫੀ ਭਾਵੁਕ ਹੋ ਗਈ। ਉਸ ਨੇ ਇਸ ਬਿਨ-ਮਾਂ ਬੱਚੀ ਨੂੰ ਸੀਨੇ ਨਾਲ ਲਾਉਂਦੇ ਹੋਏ ਇਸ ਨੂੰ ਕਾਨੂੰਨੀ ਤੌਰ ’ਤੇ ਗੋਦ ਲੈ ਕੇ ਅਪਨਾਉਣ ਦਾ ਫੈਸਲਾ ਕਰ ਲਿਆ ਅਤੇ ਉਸ ਦੇ ਪੂਰੇ ਇਲਾਜ ਤੇ ਪਾਲਣ-ਪੋਸ਼ਣ ਕਰਨ ਦਾ ਐਲਾਨ ਕਰ ਦਿੱਤਾ। ਸਰਬਜੀਤ ਕੌਰ ਨੇ ਦੱਸਿਆ ਕਿ ਉਨਾਂ ਦੇ ਕੋਈ ਔਲਾਦ ਨਹੀਂ ਹੈ ਅਤੇ ਅੱਜ ਇਸ ਬੱਚੀ ਨੂੰ ਵੇਖੇ ਕੇ ਇੰਝ ਪ੍ਰਤੀਤ ਹੋਇਆ ਕਿ ਪਰਮਾਤਮਾ ਨੇ ਉਸ ਦੀ ਝੋਲੀ ਵੀ ਭਰ ਦਿੱਤੀ ਹੈ। ਨਰਸ ਸਰਬਜੀਤ ਕੌਰ ਨੇ ਦੱਸਿਆ ਕਿ, ਉਹ ਬੱਚੀ ਨੂੰ ਅਗਲੇ ਇਲਾਜ ਲਈ ਖੁਦ ਲੁਧਿਆਣਾ ਲੈ ਕੇ ਜਾ ਰਹੀ ਹੈ ਅਤੇ ਇਸ ਬੱਚੀ ਨੂੰ ਅਪਨਾਉਣ ਲਈ ਜਿਹੜੀ ਵੀ ਕਾਨੂੰਨੀ ਪ੍ਰਕਿਰਿਆ ਹੋਵੇਗੀ ਉਸ ਨੂੰ ਪੂਰਾ ਕਰ ਕੇ ਉਹ ਇਸ ਨੂੰ ਆਪਣੇ ਘਰ ਲੈ ਕੇ ਜਾਵੇਗੀ।






Comments