ਕੁੱਕੜ ਬਣਿਆ ਬਠਿੰਡਾ ਪੁਲਿਸ ਦੀ ਕੇਸ ਪ੍ਰਾਪਰਟੀ, ਗਵਾਹੀ ਮੌਕੇ ਪੇਸ਼ ਕਰਨਾ ਹੋਵੇਗਾ ਲਾਜ਼ਮੀ; ਜਾਣੋ ਕੀ ਹੈ ਮਾਜਰਾ
- bhagattanya93
- Jan 25, 2024
- 2 min read
25/01/2024
ਬਠਿੰਡਾ ਪੁਲਿਸ ਨੂੰ ਹੁਣ ਅਜੀਬ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿਚ ਇਕ ਕੁੱਕੜ ਪੁਲਿਸ ਦੀ ਕੇਸ ਪ੍ਰਾਪਰਟੀ ਬਣ ਗਿਆ ਹੈ। ਕੇਸ ਦੇ ਫੈਸਲੇ ਤਕ ਹੁਣ ਪੁਲਿਸ ਦੀ ਉਕਤ ਕੁੱਕੜ ’ਤੇ ਨਜ਼ਰ ਰਹੇਗੀ। ਹੋਇਆ ਇਸ ਤਰ੍ਹਾਂ ਕਿ ਪੁਲਿਸ ਨੇ ਕੁੱਕੜਾਂ ਦੀ ਲੜਾਈ (Cock Fight Tournament) ਕਰਵਾਉਣ ਦੇ ਦੋੋਸ਼ ਹੇਠ ਇਕ ਵਿਅਕਤੀ ਨੂੰ ਕਾਬੂ ਕਰ ਕੇ ਇਕ ਕੁੱਕੜ ਤੇ 11 ਟਰਾਫੀਆਂ ਬਰਾਮਦ ਕੀਤੀਆਂ ਸਨ। ਹੁਣ ਉਕਤ ਕੁੱਕੜ ਅਤੇ ਟਰਾਫ਼ੀਆਂ ਪੁਲਿਸ ਦੀ ਕੇਸ ਪ੍ਰਾਪਰਟੀ ਬਣ ਗਿਆ ਹੈ। ਚੱਲਦੇ ਕੇਸ ਦੌਰਾਨ ਗਵਾਹੀ ਮੌਕੇ ਪੁਲਿਸ ਨੂੰ ਉਕਤ ਕੁੱਕੜ ਅਦਾਲਤ ਵਿਚ ਪੇਸ਼ ਕਰਨਾ ਪਵੇਗਾ।
ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਇਸ ਲੜਾਈ ਦਾ ਪ੍ਰਬੰਧ ਕਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਇਕ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਦੋ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਇਕ ਕੁੱਕੜ ਅਤੇ ਇਨਾਮ ਦੇਣ ਲਈ ਰੱਖੀਆਂ ਗਈਆਂ 11 ਟਰਾਫੀਆਂ ਬਰਾਮਦ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਉਕਤ ਵਿਅਕਤੀਆਂ ਨੇ ਕੁੱਕੜਾਂ ਦੀ ਲੜਾਈ ਕਰਵਾਉਣ ਦਾ ਟੂਰਨਾਮੈਂਟ ਰੱਖਿਆ ਹੋਇਆ ਸੀ ਅਤੇ ਜੇਤੂ ਰਹਿਣ ਵਾਲੇ ਕੁੱਕੜ ਦੇ ਮਾਲਕ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਸੀ। ਜਦੋਂਕਿ ਸਰਕਾਰ ਵੱਲੋਂ ਪਸ਼ੂ ,ਪੰਛੀਆਂ ਤੇ ਜਾਨਵਰਾਂ ਦੀ ਲੜਾਈ ਕਰਵਾਉਣ ਵਾਲੇ ਮੁਕਾਬਲੇ 'ਤੇ ਪਾਬੰਦੀ ਲਗਾ ਰੱਖੀ ਹੈ। ਅਜਿਹੇ ਟੂਰਨਾਮੈਂਟ ਕਰਵਾਉਣ ਵਾਲੇ ਵਿਅਕਤੀਆਂ ਖਿਲਾਫ ਬੇਜ਼ੁਬਾਨ ਪੰਛੀਆਂ ਤੇ ਜਾਨਵਰਾਂ 'ਤੇ ਅੱਤਿਆਚਾਰ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ।
ਇਸ ਸਬੰਧੀ ਸਹਾਇਕ ਥਾਣੇਦਾਰ ਨਿਰਮਲਜੀਤ ਸਿੰਘ ਨੇ ਦੱਸਿਆ ਹੈ ਕਿ ਸੂਚਨਾ ਮਿਲੀ ਸੀ ਪਿੰਡ ਬੱਲੂਆਣਾ ਵਿਖੇ ਕੁਝ ਵਿਅਕਤੀ ਕੁੱਕੜਾਂ ਦੀ ਲੜਾਈ ਕਰਵਾ ਰਹੇ ਹਨ ਜਿਸ 'ਤੇ ਕਾਰਵਾਈ ਕਰਦਿਆਂ ਹੋਇਆਂ ਰਾਜਵਿੰਦਰ ਸਿੰਘ, ਜਗਸੀਰ ਸਿੰਘ ਤੇ ਗੁਰਜੀਤ ਸਿੰਘ ਵਾਸੀ ਬੱਲੂਆਣਾ ਖਿਲਾਫ ਕੇਸ ਦਰਜ ਕਰ ਕੇ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਗਸੀਰ ਸਿੰਘ ਤੇ ਗੁਰਜੀਤ ਸਿੰਘ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਇਸ ਕਾਰਵਾਈ ਦੌਰਾਨ ਇਕ ਕੁੱਕੜ ਅਤੇ 11 ਟਰਾਫੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਅਧਿਕਾਰੀ ਅਨੁਸਾਰ ਰਾਜਵਿੰਦਰ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।






Comments