ਕਿਡਨੀ ਹਸਪਤਾਲ ਦੇ ਡਾਕਟਰ ਨੂੰ ਅਗਵਾ ਕਰਨ ਦੀ ਕੋਸ਼ਿਸ਼, ਵਿਰੋਧ ਕਰਨ 'ਤੇ ਮਾਰੀ ਗੋ.ਲ਼ੀ
- bhagattanya93
- Aug 20
- 2 min read
20/08/2025

ਜਲੰਧਰ ਥਾਣਾ ਨੰਬਰ ਸੱਤ ਦੀ ਹੱਦ ’ਚ ਪੈਂਦੇ ਅਰਬਨ ਅਸਟੇਟ ਫੇਸ ਦੋ ’ਚ ਸਥਿਤ ਇਕ ਸੁਪਰ ਮਾਰਕੀਟ ’ਚੋਂ ਸਾਮਾਨ ਖਰੀਦ ਕੇ ਬਾਹਰ ਨਿਕਲੇ ਕਿਡਨੀ ਹਸਪਤਾਲ ਦੇ ਡਾਕਟਰ ਨੂੰ ਤਿੰਨ ਨੌਜਵਾਨਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਡਾਕਟਰ ਵੱਲੋਂ ਵਿਰੋਧ ਕਰਨ ’ਤੇ ਉਨ੍ਹਾਂ ਨੌਜਵਾਨਾਂ ਨੇ ਗੋਲ਼ੀ ਚਲਾ ਦਿੱਤੀ ਜੋ ਕਿ ਡਾਕਟਰ ਦੇ ਪੈਰ ’ਚ ਲੱਗੀ। ਜਦ ਉਨ੍ਹਾਂ ਨੌਜਵਾਨਾਂ ਨੇ ਦੂਜੀ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਿਸਤੌਲ ’ਚ ਹੀ ਫਸ ਗਈ। ਗੋਲ਼ੀ ਚੱਲਣ ਦੀ ਆਵਾਜ਼ ਸੁਣਦੇ ਹੀ ਜਦ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਮੋਟਰਸਾਈਕਲਾਂ ’ਤੇ ਆਏ ਨੌਜਵਾਨ ਉਥੋਂ ਫਰਾਰ ਹੋ ਗਏ। ਜ਼ਖਮੀ ਡਾਕਟਰ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਡਾਕਟਰ ਰਾਹੁਲ ਸੂਦ, ਜੋ ਕਿ ਕੂਲ ਰੋਡ ’ਤੇ ਸਥਿਤ ਕਿਡਨੀ ਹਸਪਤਾਲ ’ਚ ਕੰਮ ਕਰਦੇ ਹਨ ਮੰਗਲਵਾਰ ਰਾਤ 9 ਵਜੇ ਦੇ ਕਰੀਬ ਅਰਬਨ ਅਸਟੇਟ ਫੇਸ ਦੋ ’ਚ ਸਥਿਤ ਮੋਰ ਸੁਪਰ ਸਟੋਰ ’ਚੋਂ ਸਾਮਾਨ ਲੈਣ ਲਈ ਗਏ ਸਨ। ਜਦ ਉਹ ਸਟੋਰ ’ਚੋਂ ਬਾਹਰ ਨਿਕਲੇ ਤਾਂ ਤਿੰਨ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਡਾਕਟਰ ਨੂੰ ਜ਼ਬਰਦਸਤੀ ਗੱਡੀ ’ਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਡਾਕਟਰ ਵੱਲੋਂ ਵਿਰੋਧ ਕਰਨ ’ਤੇ ਇਕ ਨੌਜਵਾਨ ਨੇ ਗੋਲ਼ੀ ਚਲਾ ਦਿੱਤੀ ਜੋ ਕਿ ਡਾਕਟਰ ਦੇ ਪੈਰ ’ਚ ਲੱਗੀ। ਜਦ ਉਨ੍ਹਾਂ ਦੂਜੀ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਿਸਤੌਲ ’ਚ ਹੀ ਫਸ ਗਈ। ਗੋਲ਼ੀ ਲੱਗਣ ਨਾਲ ਡਾਕਟਰ ਰਾਹੁਲ ਜ਼ਖ਼ਮੀ ਹੋ ਗਏ ਤੇ ਉਥੇ ਹੀ ਡਿੱਗ ਪਏ। ਇਸ ਦੌਰਾਨ ਤਿੰਨੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ ਹਰਿੰਦਰ ਸਿੰਘ ਗਿੱਲ, ਏਸੀਪੀ ਰੂਪਦੀਪ ਕੌਰ ਤੇ ਥਾਣਾ ਨੰਬਰ ਸੱਤ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀ ਡਾਕਟਰ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ। ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤੇ ਉਮੀਦ ਹੈ ਕਿ ਜਲਦ ਹੀ ਗੋਲ਼ੀ ਚਲਾਉਣ ਵਾਲੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਡਾਕਟਰ ਦਾ ਇਲਾਜ ਚਲ ਰਿਹਾ ਹੈ ਤੇ ਉਹ ਖਤਰੇ ਤੋਂ ਬਾਹਰ ਹਨ।
ਸੁਪਰ ਸਟੋਰ ’ਚੋਂ ਬਾਹਰ ਨਿਕਲਦਿਆਂ ਹੀ ਨੌਜਵਾਨਾਂ ਨੇ ਘੇਰ ਲਿਆ : ਡਾ. ਰਾਹੁਲ ਸੂਦ
ਡਾ. ਰਾਹੁਲ ਸੂਦ ਨੇ ਦੱਸਿਆ ਕਿ ਜਦ ਉਹ ਸਾਮਾਨ ਖਰੀਦਣ ਤੋਂ ਬਾਅਦ ਮੋਰ ਸੁਪਰ ਸਟੋਰ ’ਚੋਂ ਬਾਹਰ ਨਿਕਲਿਆ ਤੇ ਆਪਣੀ ਗੱਡੀ ’ਚ ਬੈਠਣ ਲੱਗਾ ਤਾਂ ਤਿੰਨ ਨੌਜਵਾਨ ਉਸ ਕੋਲ ਆਏ ਤੇ ਉਸ ਨੂੰ ਪਿਸਤੌਲ ਦਿਖਾ ਕੇ ਉਸ ਦੀ ਹੀ ਗੱਡੀ ’ਚ ਬੈਠਣ ਲਈ ਕਹਿਣ ਲੱਗੇ। ਜਦ ਉਸਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ’ਚੋਂ ਇਕ ਨੌਜਵਾਨ ਨੇ ਗੋਲ਼ੀ ਚਲਾ ਦਿੱਤੀ ਜੋ ਕਿ ਉਸਦੇ ਪੈਰ ’ਤੇ ਲੱਗੀ ਉਸ ਨੌਜਵਾਨ ਨੇ ਦੂਜੀ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿਸਤੌਲ ’ਚ ਹੀ ਫਸ ਗਈ ਤੇ ਉਸ ਦੀ ਜਾਨ ਬਚ ਗਈ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਜਦ ਲੋਕ ਸਟੋਰ ’ਚੋਂ ਬਾਹਰ ਆਏ ਤਾਂ ਤਿੰਨੇ ਨੌਜਵਾਨ ਮੌਕੇ ਤੋਂ ਭੱਜ ਗਏ।





Comments