google-site-verification=ILda1dC6H-W6AIvmbNGGfu4HX55pqigU6f5bwsHOTeM
top of page

ਕੈਨੇਡਾ 'ਚ ਸੋਨੇ ਦੀ ਸਭ ਤੋਂ ਵੱਡੀ ਡਕੈਤੀ, ਇੰਨੇ ਮਿਲੀਅਨ ਡਾਲਰ ਦਾ ਗੋਲਡ ਲੁੱਟਿਆ, ਭਾਰਤੀ ਮੂਲ ਦੇ 2 ਲੋਕ ਗ੍ਰਿਫ਼ਤਾਰ

  • bhagattanya93
  • Apr 19, 2024
  • 2 min read

19/04/2024

ree

17 ਅਪ੍ਰੈਲ 2023 ਨੂੰ ਕੈਨੇਡਾ ਦੇ ਸਭ ਤੋਂ ਵੱਡੇ ਏਅਰਪੋਰਟ, ਟੋਰਾਂਟੋ 'ਤੇ ਸੋਨੇ ਦੀ ਲੁੱਟ ਦਾ ਸਭ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਇਸ ਡਕੈਤੀ 'ਚ 6,600 ਸੋਨੇ ਦੀਆਂ ਛੜਾਂ ਚੋਰੀ ਹੋ ਗਈਆਂ ਹਨ, ਜਿਨ੍ਹਾਂ ਦੀ ਕੀਮਤ 20 ਮਿਲੀਅਨ ਕੈਨੇਡੀਅਨ ਡਾਲਰ ਤੋਂ ਜ਼ਿਆਦਾ ਹੈ। ਇਸ ਸੋਨੇ ਦੀ ਡਕੈਤੀ 'ਚ ਗ੍ਰਿਫ਼ਤਾਰ ਕੀਤੇ ਗਏ ਪੰਜ ਦੱਖਣੀ ਏਸ਼ਿਆਈਆਂ 'ਚੋਂ ਦੋ ਭਾਰਤੀ ਮੂਲ ਦੇ ਹਨ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚ ਬਰੈਂਪਟਨ ਦਾ ਰਹਿਣ ਵਾਲਾ 54 ਸਾਲਾ ਪਰਮਪਾਲ ਸਿੱਧੂ ਵੀ ਸ਼ਾਮਲ ਹੈ, ਜੋ ਕਿ ਏਅਰ ਕੈਨੇਡਾ ਦਾ ਮੁਲਾਜ਼ਮ ਹੈ।


ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕੀਤ ਗ੍ਰਿਫਤਾਰ


ਇਸ ਪੂਰੇ ਮਾਮਲੇ 'ਚ ਕੁੱਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋ ਭਾਰਤੀਆਂ ਤੋਂ ਇਲਾਵਾ ਬਾਕੀ ਤਿੰਨਾਂ 'ਚ ਬਰੈਂਪਟਨ ਨੇੜੇ ਜਾਰਜਟਾਊਨ ਦੇ 43 ਸਾਲਾ ਅਮਾਦ ਚੌਧਰੀ, ਟੋਰਾਂਟੋ ਦੇ 37 ਸਾਲਾ ਅਲੀ ਰਜ਼ਾ ਤੇ ਬਰੈਂਪਟਨ ਦੇ 35 ਸਾਲਾ ਪ੍ਰਸਾਦ ਪਰਮਲਿੰਗਮ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਨੇ 31 ਸਾਲਾ ਸਿਮਰਨ ਪ੍ਰੀਤ ਪਰੇਸਰ ਖਿਲਾਫ਼ ਵਾਰੰਟ ਜਾਰੀ ਕੀਤਾ ਹੈ, ਜੋ ਕਿ ਚੋਰੀ ਦੇ ਸਮੇਂ ਏਅਰ ਕੈਨੇਡਾ ਦਾ ਮੁਲਾਜ਼ਮ ਸੀ। ਬਰੈਂਪਟਨ ਦੇ 36 ਸਾਲਾ ਅਰਚਿਤ ਗਰੋਵਰ ਅਤੇ ਮਿਸੀਸਾਗਾ ਦੇ 41 ਸਾਲਾ ਅਰਸਲਾਨ ਚੌਧਰੀ ਖਿਲਾਫ ਵੀ ਵਾਰੰਟ ਜਾਰੀ ਕੀਤੇ ਗਏ ਹਨ।


20 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਸੋਨਾ ਚੋਰੀ


ਇਸ ਸਭ ਤੋਂ ਵੱਡੀ ਸੋਨੇ ਦੀ ਲੁੱਟ 'ਚ ਸਵਿਸ ਬੈਂਕਾਂ ਰਾਇਫੀਸਨ ਤੇ ਵਾਲਕੈਂਬੀ ਵੱਲੋਂ 17 ਅਪ੍ਰੈਲ, 2023 ਨੂੰ ਜ਼ਿਊਰਿਖ ਤੋਂ ਟੋਰਾਂਟੋ ਤਕ 400 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੀਆਂ ਸੋਨੇ ਦੀਆਂ ਛੜਾਂ ਨੂੰ ਲਿਜਾਇਆ ਗਿਆ ਸੀ। ਇਸ ਦੇ ਨਾਲ ਹੀ ਸਵਿਸ ਬੈਂਕਾਂ ਨੇ ਟੋਰਾਂਟੋ 'ਚ ਸ਼ਿਪਮੈਂਟ ਦੀ ਸੁਰੱਖਿਆ ਲਈ ਮਿਆਮੀ ਅਧਾਰਤ ਸੁਰੱਖਿਆ ਕੰਪਨੀ ਬ੍ਰਿੰਕਸ ਨੂੰ ਹਾਇਰ ਕੀਤਾ। ਉਨ੍ਹਾਂ ਸੋਨੇ ਦੀਆਂ ਛੜਾਂ ਨੂੰ ਟੋਰਾਂਟੋ ਹਵਾਈ ਅੱਡੇ 'ਤੇ ਏਅਰ ਕੈਨੇਡਾ ਸਟੋਰੇਜ ਡਿਪੂ 'ਚ ਰੱਖਿਆ ਗਿਆ ਸੀ। ਤਿੰਨ ਘੰਟੇ ਬਾਅਦ ਕੋਈ ਅਣਪਛਾਤਾ ਵਿਅਕਤੀ ਆਇਆ ਅਤੇ ਜਾਅਲੀ ਦਸਤਾਵੇਜ਼ ਦਿਖਾ ਕੇ ਸੋਨਾ ਚੋਰੀ ਕਰ ਲਿਆ। ਜਦੋਂ ਬ੍ਰਿੰਕ ਦੇ ਕੈਨੇਡਾ ਦੇ ਮੁਲਾਜ਼ਮ ਸ਼ਿਪਮੈਂਟ ਲੈਣ ਲਈ ਉਸੇ ਦਿਨ ਰਾਤ 9:30 ਵਜੇ ਏਅਰ ਕੈਨੇਡਾ ਕਾਰਗੋ ਡਿਪੂ 'ਤੇ ਪਹੁੰਚੇ ਤਾਂ ਸੋਨਾ ਪਹਿਲਾਂ ਹੀ ਗਾਇਬ ਸੀ।


ਬ੍ਰਿੰਕ ਨੇ ਕਿਹਾ ਕਿ ਇਹ ਸ਼ਿਪਮੈਂਟ ਏਅਰ ਕੈਨੇਡਾ ਦੇ ਇਕ ਅਣਪਛਾਤੇ ਮੁਲਾਜ਼ਮ ਨੂੰ ਜਾਰੀ ਕੀਤੀ ਗਈ ਸੀ, ਜੋ ਇਸ ਨੂੰ ਲੈ ਕੇ ਫਰਾਰ ਹੋ ਗਿਆ ਸੀ। ਅਧਿਕਾਰੀਆਂ ਨੇ ਬੇਨਤੀ ਕੀਤੀ ਹੈ ਕਿ ਜਿਸ ਕੋਲ ਵੀ ਇਸ ਮਾਮਲੇ ਨਾਲ ਜੁੜੀ ਜਾਣਕਾਰੀ ਹੈ, ਉਹ ਅੱਗੇ ਆਉਣ।

Comments


Logo-LudhianaPlusColorChange_edited.png
bottom of page