ਕੀ ਪੀਰੀਅਡਜ਼ ਦੌਰਾਨ ਔਰਤਾਂ ਰੱਖ ਸਕਦੀਆਂ ਹਨ ਸਾਵਣ ਸੋਮਵਾਰ ਦਾ ਵਰਤ ? ਜਾਣੋ ਲਓ ਵਰਨਾ ਨਹੀਂ ਮਿਲੇਗਾ ਪੂਰਾ ਫਲ
- bhagattanya93
- Jul 20
- 2 min read
20/07/2025

ਸਨਾਤਨ ਧਰਮ 'ਚ ਪਵਿੱਤਰ ਸਾਵਨ ਮਹੀਨੇ ਦੌਰਾਨ ਭਗਵਾਨ ਸ਼ਿਵ ਦੀ ਆਰਾਧਨਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਮਹੀਨੇ ਸਾਵਨ ਸੋਮਵਾਰ ਦੇ ਵਰਤ ਨੂੰ ਲੈ ਕੇ ਔਰਤਾਂ ਤੇ ਕੁੜੀਆਂ 'ਚ ਕਾਫੀ ਗਹਿਰੀ ਆਸਥਾ ਹੁੰਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਸਾਵਨ ਸੋਮਵਾਰ ਦਾ ਵਰਤ ਰੱਖਣ ਨਾਲ ਕੁਆਰੀਆਂ ਕੁੜੀਆਂ ਦੀ ਯੋਗ ਵਰ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਔਰਤਾਂ ਦਾ ਵਿਆਹੁਤਾ ਜੀਵਨ ਸੁਖਮਈ ਬੀਤਦਾ ਹੈ।
ਜ਼ਿਆਦਾਤਰ ਸਨਾਤਨੀ ਔਰਤਾਂ ਤੇ ਕੁੜੀਆਂ 16 ਸੋਮਵਾਰ ਦੇ ਵਰਤ ਰੱਖਦੀਆਂ ਹਨ। ਇਸ ਦੌਰਾਨ ਇਕ ਸਵਾਲ ਉਨ੍ਹਾਂ ਦੇ ਮਨ ਵਿਚ ਅਕਸਰ ਰਹਿੰਦਾ ਹੈ ਕਿ ਜੇ ਸੋਮਵਾਰ ਦੇ ਦਿਨ ਮਾਸਿਕ ਧਰਮ ਆ ਜਾਂਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ? ਕੀ ਇਸ ਦੌਰਾਨ ਵਰਤ ਰੱਖ ਸਕਦੇ ਹਾਂ ਜਾਂ ਨਹੀਂ? ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲੈ ਕੇ ਆਏ ਹਾਂ...

ਪੀਰੀਅਡਜ਼ 'ਚ ਵਰਤ ਨੂੰ ਲੈ ਕੇ ਕੀ ਕਹਿੰਦੇ ਹਨ ਧਰਮ ਗ੍ਰੰਥ ?
ਰਵਾਇਤੀ ਮਾਨਤਾਵਾਂ 'ਚ ਔਰਤਾਂ ਨੂੰ ਪੀਰੀਅਡਜ਼ ਦੌਰਾਨ ਪੂਜਾ-ਪਾਠ ਤੇ ਰਸੋਈ ਤੋਂ ਦੂਰ ਰੱਖਿਆ ਜਾਂਦਾ ਸੀ। ਦਰਅਸਲ, ਇਸ ਦੌਰਾਨ ਔਰਤਾਂ ਨੂੰ ਸਰੀਰਕ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰੀਰ ਤੋਂ ਲਗਾਤਾਰ ਖ਼ੂਨ ਨਿਕਲਣ ਕਾਰਨ ਕਮਜ਼ੋਰੀ ਵੀ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਨੂੰ ਆਰਾਮ ਦੀ ਸਖ਼ਤ ਲੋੜ ਹੁੰਦੀ ਹੈ। ਇਹੀ ਕਾਰਨ ਸੀ ਕਿ ਉਨ੍ਹਾਂ ਨੂੰ ਕੰਮਕਾਜ ਤੋਂ ਦੂਰ ਰੱਖਿਆ ਜਾਂਦਾ ਸੀ।
ਮਨੂਸਮ੍ਰਿਤੀ 'ਚ ਪੀਰੀਅਡਜ਼ ਦੌਰਾਨ ਔਰਤਾਂ ਨੂੰ ਚਾਰ ਦਿਨ ਧਾਰਮਿਕ ਕੰਮਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ, ਪਰ ਵਰਤ ਨੂੰ ਲੈ ਕੇ ਸਪੱਸ਼ਟ ਨਿਰਦੇਸ਼ ਨਹੀਂ ਦਿੱਤੇ ਗਏ ਹਨ। ਇਸੇ ਤਰ੍ਹਾਂ ਗ੍ਰਹਿ ਸੂਤਰਾਂ 'ਚ ਪੀਰੀਅਡਜ਼ ਦੌਰਾਨ ਵਰਤ ਨੂੰ ਲੈ ਕੇ ਸਿੱਧੇ ਤੌਰ 'ਤੇ ਕੋਈ ਗੱਲ ਨਹੀਂ ਲਿਖੀ ਗਈ ਹੈ।
ਸ਼ਿਵਪੁਰਾਣ 'ਚ ਭਗਵਾਨ ਸ਼ਿਵ ਦੀ ਆਰਾਧਨਾ ਲਈ ਸ਼ਰਧਾ ਨਾਲ ਕੀਤੇ ਗਏ ਨਾਮ-ਸਿਮਰਨ, ਜਪ, ਧਿਆਨ ਤੇ ਭਗਤੀ ਨੂੰ ਸਭ ਤੋਂ ਉੱਚਾ ਮੰਨਿਆ ਗਿਆ ਹੈ। ਇਸ ਲਈ, ਜੇ ਕੋਈ ਔਰਤ ਸਰੀਰਕ ਤੌਰ 'ਤੇ ਖ਼ੁਦ ਨੂੰ ਸਿਹਤਮੰਦ ਮਹਿਸੂਸ ਕਰਦੀ ਹੈ ਤਾਂ ਉਹ ਵਰਤ ਰੱਖ ਸਕਦੀ ਹੈ। ਸਿਰਫ਼, ਪੂਜਾ 'ਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦੀ ਬਜਾਏ ਮਾਨਸਿਕ ਪੂਜਾ, ਨਾਮ-ਜਪ ਤੇ ਭਜਨ-ਕੀਰਤਨ ਕਰ ਕੇ ਭਗਵਾਨ ਸ਼ਿਵ ਦੀ ਆਰਾਧਨਾ ਕਰ ਸਕਦੀ ਹੈ।

ਸਵਾਮੀ ਰਾਮਸੁੱਖਦਾਸ, ਸਾਧਵੀ ਰਿਤੰਭਰਾ, ਆਚਾਰੀਆ ਪ੍ਰਦੀਪ ਮਿਸ਼ਰ ਜਿਹੇ ਵਿਦਵਾਨ ਕਹਿੰਦੇ ਹਨ ਕਿ ਧਾਰਮਿਕ ਨਿਯਮਾਂ ਦਾ ਟੀਚਾ ਸ਼ੁਚਿਤਾ ਤੇ ਸਿਹਤ ਹੈ। ਇਹ ਔਰਤਾਂ ਦਾ ਅਪਮਾਨ ਕਰਨ ਲਈ ਨਹੀਂ ਬਣਾਏ ਗਏ, ਇਸ ਲਈ ਜੇ ਔਰਤ ਪੀਰੀਅਡਜ਼ 'ਚ ਵੀ ਸਰੀਰਕ ਤੌਰ 'ਤੇ ਠੀਕ ਹੈ ਤਾਂ ਉਹ ਮਾਨਸਿਕ ਤੌਰ 'ਤੇ ਵਰਤ ਦਾ ਸੰਕਲਪ ਰੱਖਦੀ ਹੈ, ਤਾਂ ਵਰਤ ਮੰਨਿਆ ਜਾਂਦਾ ਹੈ।
ਪੂਜਾ ਦੀ ਜਗ੍ਹਾ ਅਪਣਾਓ ਮਾਨਸਿਕ ਸਾਧਨਾ
ਜੇ ਵਰਤ ਦੌਰਾਨ ਪੀਰੀਅਡਜ਼ ਸ਼ੁਰੂ ਹੋ ਜਾਂਦੇ ਹਨ ਤਾਂ ਔਰਤਾਂ ਨੂੰ ਆਪਣੀ ਸਰੀਰਕ ਸਥਿਤੀ ਮੁਤਾਬਕ ਫੈਸਲਾ ਲੈਣਾ ਚਾਹੀਦਾ ਹੈ। ਜੇ ਉਹ ਪੂਜਾ ਤੋਂ ਬਾਅਦ ਪੀਰੀਅਡਜ਼ 'ਚ ਆਈਆਂ ਹਨ, ਤਾਂ ਵਰਤ ਮੰਨਿਆ ਜਾਂਦਾ ਹੈ। ਇਸ ਦੌਰਾਨ ਮਾਨਸਿਕ ਤੌਰ 'ਤੇ ਭਗਵਾਨ ਦਾ ਧਿਆਨ, ਕਥਾ ਸੁਣਨਾ ਤੇ ਨਾਮ-ਸਿਮਰਨ ਕਰ ਕੇ ਵਰਤ ਨੂੰ ਪੂਰਾ ਕੀਤਾ ਜਾ ਸਕਦਾ ਹੈ। 16 ਸੋਮਵਾਰ ਦਾ ਵਰਤ ਕਰਨ ਵਾਲੀਆਂ ਔਰਤਾਂ ਚਾਹੁਣ ਤਾਂ ਵਾਧੂ ਸੋਮਵਾਰ ਜੋੜ ਕੇ ਸੰਕਲਪ ਪੂਰਾ ਕਰ ਸਕਦੀਆਂ ਹਨ।





Comments