ਬੇਕਾਬੂ ਹੋ ਕੇ ਸੜਕ ਕਿਨਾਰੇ ਪੁਲੀ ਨਾਲ ਟਕਰਾਈ ਤੇਜ਼ ਰਫਤਾਰ ਕਾਰ, ਡਰਾਈਵਰ ਦੀ ਮੌ*ਤ
- bhagattanya93
- Jul 10
- 2 min read
10/07/2025

ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਅੱਡਾ ਰਾਏਪੁਰ ਵਿਖੇ ਤੇਜ਼ ਰਫ਼ਤਾਰ ਬੇਕਾਬੂ ਹੋਈ ਵਰਨਾ ਕਾਰ ਨਹਿਰ ਦੀ ਪੁਲੀ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋਣ ਕਾਰਨ ਡਰਾਈਵਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰ ਵੇਲੇ ਕਰੀਬ 06: 40 ਤੇ ਉਨ੍ਹਾਂ ਦੀ ਟੀਮ ਨੂੰ ਕਿਸੇ ਰਾਹਗੀਰ ਨੇ ਫੋਨ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਅੱਡਾ ਰਾਏਪੁਰ ਰਸੂਲਪੁਰ ਵਿਖੇ ਸਥਿਤ ਨਹਿਰ ਦੀ ਪੁਲੀ ਦੇ ਨਾਲ ਇੱਕ ਤੇਜ਼ ਰਫਤਾਰ ਵਰਨਾ ਕਾਰ ਬੇਕਾਬੂ ਹੋ ਕੇ ਟਕਰਾ ਗਈ ਹੈ। ਮੌਕੇ 'ਤੇ ਪਹੁੰਚੀ ਐਸਐਸਐਫ ਟੀਮ ਨੇ ਦੇਖਿਆ ਕਿ ਇੱਕ ਤੇਜ਼ ਰਫਤਾਰ ਬੇਕਾਬੂ ਹੋਈ ਵਰਨਾ ਕਾਰ ਨੰਬਰ ਪੀਬੀ 35ਟੀ2525 ਜੋ ਕਿ ਪਠਾਨਕੋਟ ਤੋਂ ਜਲੰਧਰ ਨੂੰ ਜਾ ਰਹੀ ਸੀ ਅਤੇ ਜਿਸ ਨੂੰ ਹਰਮਨਜੋਤ ਸੈਣੀ ਪੁੱਤਰ ਸੁਰਿੰਦਰ ਸਿੰਘ ਵਾਸੀ ਨੇੜੇ ਬੰਸਲ ਗੈਸ ਏਜੰਸੀ ਪਠਾਨਕੋਟ ਚਲਾ ਰਿਹਾ ਸੀ। ਜਿਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਕੰਕਰੀਟ ਦੀ ਪੁਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਤੱਕ ਉਡ ਗਏ। ਜਿਸ ਕਾਰਨ ਡਰਾਈਵਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਿਸ ਨੂੰ ਐਸਐਸਐਫ ਟੀਮ ਦੇ ਮੁਲਾਜ਼ਮਾਂ ਵੱਲੋਂ ਮੌਕੇ 'ਤੇ ਪ੍ਰਾਈਵੇਟ ਐਂਬੂਲੈਂਸ ਰਾਹੀਂ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਇਸ ਹਾਦਸੇ ਸਬੰਧੀ ਥਾਣਾ ਮਕਸੂਦਾਂ ਨੂੰ ਸੂਚਿਤ ਕੀਤਾ ਗਿਆ ਅਤੇ ਮ੍ਰਿਤਕ ਦੇ ਘਰਦਿਆਂ ਨੂੰ ਵੀ ਸੂਚਿਤ ਕੀਤਾ ਗਿਆ। ਇਸ ਦੌਰਾਨ 112 ਮਕਸੂਦਾਂ ਥਾਣੇ ਦੇ ਮੁਲਾਜ਼ਮ ਵੀ ਮੌਕੇ 'ਤੇ ਮੌਜੂਦ ਸਨ। ਹਾਦਸੇ ਕਾਰਨ ਬਿਜਲੀ ਦੀ ਮੇਨ ਸਪਲਾਈ ਦੀ ਤਾਰ ਟੁੱਟ ਕੇ ਸੜਕ ਦੇ ਵਿਚਕਾਰ ਡਿੱਗਣ ਕਾਰਨ ਸੜਕ ਉੱਪਰ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਐਸਐਸਐਫ ਟੀਮ ਦੇ ਮੁਲਾਜ਼ਮਾਂ ਵੱਲੋਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਮੌਕੇ 'ਤੇ ਬੁਲਾ ਕੇ ਬਿਜਲੀ ਸਪਲਾਈ ਵਾਲੀ ਕੇਵਲ ਤਾਰ ਸਾਈਡ ਤੇ ਕਰਵਾਈ ਅਤੇ ਭਾਰੀ ਲੱਗੇ ਟ੍ਰੈਫਿਕ ਜਾਮ ਨੂੰ ਖੁਲਵਾਉਣ ਉਪਰੰਤ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਾਲੂ ਕੀਤਾ ਗਿਆ।

Comments