ਕੌਮੀ ਮਾਰਗ ’ਤੇ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤ*ਲ
- bhagattanya93
- 2 days ago
- 1 min read
16/07/2025

ਸਥਾਨਕ ਬੱਸ ਅੱਡੇ ਤੋਂ ਮਹਿਜ਼ 2-3 ਕਿਲੋਮੀਟਰ ਦੂਰ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਦਿਨ-ਦਿਹਾੜੇ ਸਕੂਟਰੀ ’ਤੇ ਜਾ ਰਹੀ ਔਰਤ ’ਤੇ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਦਿੰਦਿਆਂ ਉਂਕਾਰ ਸਿੰਘ ਡੀਐੱਸਪੀ ਸ਼ਾਹਕੋਟ ਨੇ ਦੱਸਿਆ ਕਿ ਵਾਰਦਾਤ ਬਾਰੇ ਰਾਹਗੀਰਾਂ ਵੱਲੋਂ ਹੀ ਦੱਸਿਆ ਗਿਆ, ਜਿਸ ਉਪਰੰਤ ਥਾਣਾ ਲੋਹੀਆਂ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਅਮਲ ’ਚ ਲਿਆਂਦੀ। ਮੌਕੇ ਦੇ ਹਾਲਾਤ ਮੁਤਾਬਕ ਇਹ ਵਾਰਦਾਤ ਲੁੱਟ-ਖੋਹ ਦੀ ਲਗਦੀ ਸੀ ਪਰ ਔਰਤ ਦੇ ਗਹਿਣਿਆਂ ਆਦਿ ਤੋਂ ਅੰਦਾਜ਼ਾ ਲੱਗਿਆ ਕਿ ਮਾੜੇ ਅਨਸਰਾਂ ਵੱਲੋਂ ਔਰਤ ਦਾ ਕਤਲ ਹੀ ਕੀਤਾ ਗਿਆ ਹੈ ਫਿਰ ਵੀ ਮ੍ਰਿਤਕਾ ਦੇ ਪੋਸਟਮਾਰਟਮ ਤੋਂ ਬਾਅਦ ਹੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।
ਉਨ੍ਹਾਂ ਵੱਲੋਂ ਹੋਰ ਕਿਹਾ ਗਿਆ ਕਿ ਬੀਤੇ ਕੱਲ੍ਹ 10 ਵਜੇ ਦੇ ਕਰੀਬ ਹਰਜੀਤ ਕੌਰ ਪਤਨੀ ਤਲਵਿੰਦਰ ਸਿੰਘ ਵਾਸੀ ਫਿਰੋਜ਼ਪੁਰ, ਜੋ ਹੁਣ ਗੁਰੂ ਨਾਨਕ ਦੇਵ ਕਾਲੋਨੀ ਲੋਹੀਆਂ ਖ਼ਾਸ ਵਿਖੇ ਰਹਿੰਦੀ ਸੀ, ਆਪਣੇ ਕਿਸੇ ਕੰਮ ਲਈ ਸਕੂਟਰੀ ’ਤੇ ਸਵਾਰ ਹੋ ਕੇ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਜਾ ਰਹੀ ਸੀ ਕਿ ਹਮਲਾਵਰਾਂ ਵੱਲੋਂ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਰ ਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਹਮਲਾਵਰ ਮ੍ਰਿਤਕਾ ਦਾ ਪਰਸ, ਮੋਬਾਈਲ, ਆਈਡੀ ਕਾਰਡ ਤੇ ਹੋਰ ਸਾਮਾਨ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਹਰਜੀਤ ਕੌਰ ਦਾ ਪੇਕਾ ਘਰ ਨੇੜਲਾ ਪਿੰਡ ਟੁਰਨਾ ਹੈ ਤੇ ਉਸ ਦਾ ਪਤੀ ਤਲਵਿੰਦਰ ਸਿੰਘ ਰੋਜ਼ੀ ਰੋਟੀ ਦੇ ਸਿਲਸਿਲੇ ’ਚ ਵਿਦੇਸ਼ ਗਿਆ ਹੋਇਆ ਹੈ। ਹਰਜੀਤ ਕੌਰ ਆਪਣੀ ਧੀ ਨਾਲ ਗੁਰੂ ਨਾਨਕ ਦੇਵ ਕਾਲੋਨੀ ਵਿਖੇ ਇਕੱਲੀ ਹੀ ਰਹਿੰਦੀ ਸੀ। ਲੋਕਾਂ ’ਚ ਚਰਚਾ ਅਨੁਸਾਰ ਹਰਜੀਤ ਕੌਰ ਦਾ ਦੂਸਰਾ ਵਿਆਹ ਸੀ ਜਦਕਿ ਤਲਵਿੰਦਰ ਸਿੰਘ ਦਾ ਵੀ ਦੂਸਰਾ ਵਿਆਹ ਸੀ। ਉਂਕਾਰ ਸਿੰਘ ਡੀਐੱਸਪੀ ਸ਼ਾਹਕੋਟ ਵੱਲੋਂ ਕਿਹਾ ਗਿਆ ਕਿ ਜਾਂਚ ਚੱਲ ਰਹੀ ਹੈ ਤੇ ਮੁਲਜ਼ਮ ਜਲਦੀ ਪੁਲਿਸ ਦੀ ਗ੍ਰਿਫ਼ਤ ’ਚ ਹੋਣਗੇ।
Comentarios