ਕਿਸਾਨ ਨੂੰ ਮਾਰੀ ਗੋਲ਼ੀ, ਪਿੰਡ ਦੇ ਨੌਜਵਾਨਾਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ
- Feb 3, 2024
- 1 min read
03/02/2024
ਪੁਲਿਸ ਥਾਣਾ ਘੁੰਮਣ ਕਲਾਂ ਅਧੀਨ ਆਉਂਦੇ ਪਿੰਡ ਸੱਕਰੀ ਵਿਖੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਕਿਸਾਨ ਬਲਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਗੰਭੀਰ ਫੱਟੜ ਕਰਨ ਵਾਲੇ ਦੋਵਾਂ ਮੁਲਜ਼ਮਾਂ ਨੂੰ ਨਾਜਾਇਜ਼ ਪਿਸਤੌਲ ਸਮੇਤ ਕਾਬੂ ਕਰਨ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪਿੰਡ ਸੱਕਰੀ 'ਚ ਗੋਲੀ ਚੱਲਣ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਕਿਸਾਨ ਦੇ ਭਰਾ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮਾਨਯੋਗ ਅਦਾਲਤ ਵਿੱਚ ਜ਼ਮਾਨਤ ਦੇਣ ਨੂੰ ਲੈਕੇ ਉਸ ਦੇ ਪਿੰਡ ਦਾ ਨੌਜਵਾਨ ਬੀਤੀ ਰਾਤ ਆਪਣੇ ਇੱਕ ਹੋਰ ਸਾਥੀ ਸਮੇਤ ਉਸ ਦੇ ਘਰ ਦੇ ਬਾਹਰ ਗਾਲੀ ਗਲੋਚ ਅਤੇ ਉਸ ਨੂੰ ਜਾਨੋਂ ਮਾਰਨ ਲਈ ਲਲਕਾਰ ਰਹੇ ਸਨ ਕਿ ਇਸ ਦੌਰਾਨ ਉਸ ਦਾ ਭਰਾ ਬਲਵਿੰਦਰ ਸਿੰਘ ਬਾਹਰ ਆਇਆ ਤਾਂ ਮੋਟਰਸਾਈਕਲ 'ਤੇ ਆਏ ਦੋਵੇਂ ਜਵਾਨਾਂ ਨੇ ਬਲਵਿੰਦਰ ਸਿੰਘ 'ਤੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਅਤੇ ਗੋਲੀ ਪੱਟ ਵਿਚ ਲੱਗਣ ਕਾਰਨ ਬਲਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਬਲਜਿੰਦਰ ਸਿੰਘ ਦੇ ਸਹਿਯੋਗ ਨਾਲ ਪਹਿਲਾ ਨੌਸ਼ਹਿਰਾ ਮੱਝਾ ਸਿੰਘ ਹਸਪਤਾਲ ਵਿਖੇ ਪਹੁੰਚਾਇਆ ਗਿਆ। ਪਰ ਬਲਵਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖ਼ਲ ਕਰਵਾਇਆ ਗਿਆ ਅਤੇ ਉਥੇ ਵੀ ਗੋਲੀ ਕੱਢਣ ਲਈ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੈਫਰ ਕਰ ਲਈ ਕਿਹਾ ਪਰੰਤੂ ਉਹਨਾਂ ਵੱਲੋਂ ਬਲਵਿੰਦਰ ਸਿੰਘ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ। ਇਸ ਘਟਨਾ ਸਬੰਧੀ ਸਬੰਧਤ ਡੀਐਸਪੀ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।






Comments