google-site-verification=ILda1dC6H-W6AIvmbNGGfu4HX55pqigU6f5bwsHOTeM
top of page

ਗੰਨ ਹਾਊਸ ਦਾ ਸ਼ਟਰ ਤੋੜ ਕੇ ਚੋਰੀ ਕੀਤੇ 6 ਏਅਰ ਪਿਸਟਲ, ਪੀਸੀਆਰ ਦੇ ਸਾਇਰਨ ਨੇ ਬਚਾਇਆ ਅਸਲਾ

  • Feb 15, 2025
  • 2 min read

15/02/2025

ਬੀਤੇ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਫਿਰੋਜ਼ਪੁਰ ਛਾਉਣੀ ਸਥਿੱਤ ਇਕ ਗੰਨ ਹਾਊਸ ਦਾ ਸ਼ਟਰ ਤੋੜ ਕੇ ਚਾਰ ਅਣਪਛਾਤੇ ਚੋਰਾਂ ਵੱਲੋਂ 6 ਏਅਰ ਪਿਸਟਲ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ। ਇਸ ਤੋਂ ਪਹਿਲੋਂ ਚੋਰ ਵੱਡੇ ਅਸਲੇ ਤੱਕ ਪਹੁੰਚਦੇ , ਕੋਲੋਂ ਲੰਘ ਰਹੀ ਪੀਸੀਆਰ ਦੇ ਸਾਇਰਨ ਦੀ ਅਵਾਜ਼ ਸੁਣ ਕੇ ਚੋਰੀ ਵਿੱਚੇ ਛੱਡ ਕੇ ਹੀ ਭੱਜ ਗਏ। ਇਸ ਸਬੰਧੀ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਬੀਐਨਐਸ ਦੀ ਧਾਰਾ 331,305 ਤਹਿਤ ਚਾਰ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।ਵਾਰਦਾਤ ਸਬੰਧੀ ਵਧੇਰੇ ਜਾਣਕਾਰੀ ਦੇਂਦਿਆਂ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿਚ ਗਨ ਹਾਊਸ ਦੇ ਮਾਲਕ ਨਿਖਿਲ ਵੋਹਰਾ ਪੁੱਤਰ ਨਰਿੰਦਰ ਸਿੰਘ ਵੋਹਰਾ ਵਾਸੀ ਸ਼੍ਰੀ ਮੁਕੱਤਸਰ ਸਾਹਿਬ ਨੇ ਦੱਸਿਆ ਕਿ ਬੀਤੀ 13 ਅਤੇ 14 ਫਰਵਰੀ ਦੀ ਦਰਮਿਆਨੀ ਰਾਤ ਉਸ ਨੂੰ ਗਨ ਹਾਊਸ ਦੇ ਮੈਨੇਜਰ ਸੋਨੂੰ ਪੁੱਤਰ ੳਡੀਕ ਚੰਦ ਵਾਸੀ ਕੈਨਾਲ ਕਲੋਨੀ ਦਾ ਫੋਨ ਆਇਆ ਕਿ ਆਪਣੇ ਗਨ ਹਾਊਸ ਵਿਚ ਚੋਰੀ ਹੋ ਗਈ ਹੈ। ਉਹ ਆਪਣੀ ਕਾਰ ’ਤੇ ਫਿਰੋਜ਼ਪੁਰ ਪੁੱਜਾ ਤਾਂ ਪਤਾ ਲੱਗਾ ਕਿ ਆਈ ਟਵੰਟੀ ਕਾਰ ’ਤੇ ਸਵਾਰ ਚੋਰ ਆਏ, ਜਿੰਨ੍ਹਾਂ ਸੱਬਲ ਜਾਂ ਕਿਸੇ ਹੋਰ ਸੰਦ ਨਾਲ ਗੰਨ ਹਾਊਸ ਦਾ ਸ਼ਟਰ ਤੋੜ ਕੇ ਕੈਂਚੀ ਗੇਟ ਤੋਂ ਅੱਗੇ ਪਏ 6 ਏਅਰ ਪਿਸਟਲ ਚੋਰੀ ਕਰ ਲਏ। ਨਿਖਿਲ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਖਿਡੌਣਾ ਏਅਰ ਪਿਸਟਲ ਦੇ ਲਾਇਸੰਸ ਨਹੀਂ ਹੁੰਦੇ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲੋਂ ਕਿ ਚੋਰ ਕੈਂਚੀ ਗੇਟ ਤੋਂ ਅੱਗੇ ਪਏ ਅਸਲਾ ਐਮੂਨਿਸ਼ਨ ਤੱਕ ਪਹੁੰਚਦੇ, ਇਲਾਕੇ ਵਿਚੋਂ ਲੰਘ ਰਹੇ ਪੀਸੀਆਰ ਵਾਹਨ ਦੇ ਸਾਇਰਨ ਦੀ ਅਵਾਜ਼ ਸੁਣ ਕੇ ਚੋਰ ਮੌਕੇ ਤੋਂ ਭੱਜ ਗਏ। ਨਿਖਿਲ ਨੇ ਦੱਸਿਆ ਕਿ ਮਾਰੂ ਹਥਿਆਰ ਅਤੇ ਅਸਲਾ ਬਚ ਗਿਆ। ਇਥੇ ਦੱਸਣਯੋਗ ਹੈ ਕਿ ਚੋਰਾਂ ਵੱਲੋਂ ਗਨ ਹਾਊਸ ਵਿਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਕਿਸੇ ਵੱਡੀ ਵਾਰਦਾਤ ਦੀ ਪੇਸ਼ਨਗੋਈ ਹੋ ਸਕਦੀ ਹੈ। ਚੋਰਾਂ ਵੱਲੋਂ ਕਿਸੇ ਲੁੱਟਾਂ ਖੋਹਾਂ ਜਾਂ ਕਿਸੇ ਗੰਭੀਰ ਵਾਰਦਾਤ ਨੂੰ ਅੰਜਾਮ ਦੇਣ ਲਈ ਹੀ ਅਜਿਹੀ ਕੋਸ਼ਿਸ਼ ਕੀਤੀ ਗਈ ਹੋ ਸਕਦੀ ਹੈ।

Comments


Logo-LudhianaPlusColorChange_edited.png
bottom of page