ਘਰ ਵੜ ਕੇ ਪ੍ਰੇਮਿਕਾ ਤੇ ਉਸ ਦੇ ਪਤੀ ’ਤੇ ਕੀਤਾ ਹਮਲਾ, ਹਮਲੇ ਦੌਰਾਨ ਪਤੀ ਦੀ ਮੌ+ਤ; ਪਤਨੀ ਗੰਭੀਰ ਜ਼ਖ਼+ਮੀ
- Feb 20, 2024
- 1 min read
20/02/2024
ਪ੍ਰੇਮੀ ਕੋਲ ਰਹਿ ਰਹੀ ਔਰਤ ਵੱਲੋਂ ਆਪਣੇ ਪਤੀ ਦੇ ਘਰ ਵਾਪਸ ਪਰਤਣ ’ਤੇ ਗੁੱਸੇ ’ਚ ਆਏ ਪ੍ਰੇਮੀ ਤੇ ਉਸ ਦੇ ਸਾਥੀਆਂ ਨੇ ਐਤਵਾਰ ਰਾਤ ਘਰ ’ਚ ਵੜ ਕੇ ਜਿੱਥੇ ਔਰਤ ਦੇ ਪਤੀ ਦਾ ਕਤਲ ਕਰ ਦਿੱਤਾ, ਉਥੇ ਔਰਤ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਫਿਲਹਾਲ ਔਰਤ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਜ਼ੇਰੇ ਇਲਾਜ ਹੈ ਜਦਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਡੋਗਰ ਬਸਤੀ ਦੀ ਵਸਨੀਕ ਅਮਰਜੀਤ ਕੌਰ ਪਤਨੀ ਰਘਬੀਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਤਿੰਨ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਪਰਮਿੰਦਰ ਸਿੰਘ ਨਾਲ ਰਹਿੰਦੀ ਹੈ। ਪਰਮਿੰਦਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਕਰੀਬ 4-5 ਮਹੀਨੇ ਪਹਿਲਾਂ ਉਸ ਦੇ ਬੇਟੇ ਨੂੰ ਛੱਡ ਕੇ ਇਸੇ ਮੁਹੱਲੇ ਦੇ ਵਾਸੀ ਸੰਦੀਪ ਪੁੱਤਰ ਸ਼ੰਕਰ ਲਾਲ ਨਾਲ ਚਲੀ ਗਈ ਸੀ। ਅਦਾਲਤੀ ਫ਼ੈਸਲੇ ਵਿਚ ਲਿਖਤੀ ਸਹਿਮਤੀ ਬਣੀ ਕਿ ਲੜਕੀ ਆਪਣੀ ਮਾਂ ਕੋਲ, ਜਦਕਿ ਲੜਕਾ ਆਪਣੇ ਪਿਤਾ ਕੋਲ ਰਹੇਗਾ। 15 ਫਰਵਰੀ ਨੂੰ ਮਨਪ੍ਰੀਤ ਕੌਰ ਨੇ ਪਰਮਿੰਦਰ ਸਿੰਘ ਨੂੰ ਫੋਨ ਕਰ ਕੇ ਬਾਘਾਪੁਰਾਣਾ ਵਿਖੇ ਬੁਲਾਇਆ ਅਤੇ ਉਸ ਤੋਂ ਬਾਅਦ ਉਹ ਆਪਣੇ ਪਤੀ ਨਾਲ ਰਹਿਣ ਲੱਗੀ।
ਐਤਵਾਰ ਦੇਰ ਰਾਤ ਸੰਦੀਪ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਵੜ ਆਇਆ ਤੇ ਉਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਪਰਮਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜ਼ਖਮੀ ਹਾਲਤ ਵਿਚ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਪਰਮਿੰਦਰ ਸਿੰਘ ਨੂੰ ਮਿ੍ਰਤਕ ਕਰਾਰ ਦੇ ਦਿੱਤਾ ਜਦਕਿ ਮਨਪ੍ਰੀਤ ਕੌਰ ਅਜੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਡੀਐੱਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਮੁਤਾਬਕ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।






Comments