ਜੀਟੀ ਰੋਡ ’ਤੇ ਲੋਕਾਂ ਨੇ ਦੇਖਿਆ ਦਿਲ ਦਹਿਲਾ ਦੇਣ ਵਾਲਾ ਮੰਜ਼ਰ, ਹਾਈਵੇ ’ਤੇ ਗੱਡੀਆਂ ਹੇਠ ਕੁਚਲਦੀ ਰਹੀ ਲਾਸ਼; ਖੁਰਚ ਕੇ ਲਾਹੀ
- bhagattanya93
- Jun 29
- 2 min read
29/06/2025

ਸਰਹਿੰਦ ਜੀਟੀ ਰੋਡ ’ਤੇ ਸ਼ਨਿਚਰਵਾਰ ਸਵੇਰੇ ਪੁਰਾਣੇ ਬੱਸ ਸਟੈਂਡ ਤੋਂ ਲੰਘਦੇ ਹਾਈਵੇ ਫਲਾਈਓਵਰ ’ਤੇ ਲੋਕਾਂ ਨੇ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਦੇਖਿਆ। ਹਾਈਵੇ ਤੋਂ ਲੰਘਦੀਆਂ ਤੇਜ਼ ਰਫ਼ਤਾਰ ਗੱਡੀਆਂ ਹੇਠ ਇਕ ਲਾਸ਼ ਕੁਚਲੀ ਜਾ ਰਹੀ ਸੀ। ਸੂਚਨਾ ਮਿਲਣ ’ਤੇ ਪੁਲਿਸ ਪੁੱਜੀ ਤੇ ਟ੍ਰੈਫਿਕ ਡਾਇਵਰਟ ਕਰ ਕੇ ਬਚੀ-ਖੁਚੀ ਲਾਸ਼ ਸੜਕ ਤੋਂ ਕਹੀ ਨਾਲ ਖੁਰਚ ਕੇ ਲਾਹੀ।

ਸ਼ਨਿਚਰਵਾਰ ਸਵੇਰੇ ਕੁਝ ਲੋਕਾਂ ਨੇ ਹਾਈਵੇ ਫਲਾਈਓਵਰ ਦੇ ਫੁਟਪਾਥ ਕੋਲ ਇਨਸਾਨੀ ਹੱਥ ਪਿਆ ਦੇਖਿਆ, ਜਿਸ ਦੀ ਸੂਚਨਾ ਥਾਣਾ ਸਰਹਿੰਦ ਪੁਲਿਸ ਨੂੰ ਦਿੱਤੀ। ਮੌਕੇ ’ਤੇ ਪੁੱਜੀ ਪੁਲਿਸ ਨੂੰ ਹਾਈਵੇ ’ਤੇ ਇਨਸਾਨੀ ਸਰੀਰ ਦੇ ਚੀਥੜੇ ਮਿਲੇ। ਸਿਰਫ਼ ਇਕ ਬਾਂਹ ਹੀ ਸੜਕ ਕੰਢੇ ਪਈ ਮਿਲੀ। ਹਾਈਵੇ ’ਤੇ ਦੂਰ-ਦੂਰ ਖਿਲਰੇ ਪਏ ਚੀਥੜਿਆਂ ਨੂੰ ਖੁਰਚ ਕੇ ਲਾਹੁਣਾ ਪਿਆ। ਇੱਥੇ ਅਜਿਹਾ ਕੁਝ ਵੀ ਨਹੀਂ ਮਿਲਿਆ, ਜਿਸ ਨਾਲ ਉਸ ਦੀ ਸ਼ਨਾਖ਼ਤ ਵਿਚ ਮਦਦ ਮਿਲ ਸਕੇ। ਸੜਕ ਤੋਂ ਲਾਸ਼ ਦੇ ਜਿਹੜੇ ਚੀਥੜੇ ਖੁਰਚ ਕੇ ਲਾਹੇ ਗਏ ਉਨ੍ਹਾਂ ਤੋਂ ਵੀ ਸ਼ਨਾਖ਼ਤ ਹੋਣ ਦੀ ਕੋਈ ਖ਼ਾਸ ਉਮੀਦ ਨਹੀਂ ਪ੍ਰਗਟਾਈ ਜਾ ਰਹੀ। ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਸੰਜੀਵ ਕੁਮਾਰ ਮੁਤਾਬਕ, ਰਾਤ ਭਰ ਗੱਡੀਆਂ ਦੇ ਲੰਘਣ ਕਾਰਨ ਲਾਸ਼ ਕਈ ਟੁਕੜਿਆਂ ਵਿਚ ਖਿੱਲਰ ਗਈ ਸੀ। ਮ੍ਰਿਤਕ ਦੀ ਸਥਿਤੀ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਲਾਸ਼ ਦੇ ਚੀਥੜਿਆਂ ਨੂੰ 72 ਘੰਟੇ ਲਈ ਜ਼ਿਲ੍ਹਾ ਹਸਪਤਾਲ ਦੀ ਮੌਰਚਰੀ ਵਿਚ ਰੱਖਿਆ ਜਾਵੇਗਾ।
ਇਨਸਾਨੀ ਲਾਸ਼ ਦੇ ਚੀਥੜੇ ਗੱਡੀਆਂ ਹੇਠ ਕੁਚਲੇ ਜਾਣ ਦੇ ਪ੍ਰਤੱਖਦਰਸ਼ੀ ਰਹੇ ਲੋਕਾਂ ਨੇ ਸਵਾਲ ਚੁੱਕਿਆ ਕਿ ਰਾਤ ਨੂੰ ਹਾਈਵੇ ’ਤੇ ਪੈਟ੍ਰੋਲਿੰਗ ਲਈ ਪੁਲਿਸ ਦੀ ਡਿਊਟੀ ਰਹਿੰਦੀ ਹੈ, ਇਸ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਵੀ ਪੈਟ੍ਰੋਲਿੰਗ ਕਰਦੀ ਹੈ। ਇਸ ਦੇ ਬਾਵਜੂਦ ਇਕ ਲਾਸ਼ ਹਾਈਵੇ ਦੀਆਂ ਤੇਜ਼ ਰਫ਼ਤਾਰ ਗੱਡੀਆਂ ਹੇਠ ਕੁਚਲੀ ਜਾਂਦੀ ਰਹੀ। ਇਹ ਵੀ ਸਾਫ਼ ਨਹੀਂ ਹੋ ਸਕਿਆ ਕਿ ਇਹ ਚੀਥੜੇ ਕਿਸੇ ਸੜਕ ਦੁਰਘਟਨਾ ਦੇ ਸ਼ਿਕਾਰ ਹੋਏ ਕਿਸੇ ਵਿਅਕਤੀ ਦੇ ਹਨ ਜਾਂ ਫਿਰ ਇਸ ਦੇ ਪਿੱਛੇ ਕੋਈ ਸ਼ੱਕੀ ਘਟਨਾ ਹੈ। ਰਾਤ ਦੇ ਸਮੇਂ ਹਾਈਵੇ ਫਲਾਈਓਵਰ ’ਤੇ ਪੈਦਲ ਰਾਹਗੀਰ ਦਾ ਹੋਣਾ ਮੁਸ਼ਕਲ ਹੈ ਕਿਉਂਕਿ ਕਰੀਬ ਦੋ ਕਿਲੋਮੀਟਰ ਲੰਬੇ ਇਸ ਫਲਾਈਓਵਰ ਤੋਂ ਹੇਠਾਂ ਲਿੰਕ ਰੋਡ ’ਤੇ ਉਤਰਣ ਲਈ ਕੋਈ ਪੌੜੀਆਂ ਵੀ ਨਹੀਂ ਹਨ।






Comments