google-site-verification=ILda1dC6H-W6AIvmbNGGfu4HX55pqigU6f5bwsHOTeM
top of page

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖਰੀ ਦਿਨ ਕਿਤੇ ਘਸੁੰਨ-ਮੁੱਕੀ ਤੇ ਕਿਤੇ ਲੱਥੀਆਂ ਪੱਗਾ, ਹਾਈ ਕੋਰਟ ਜਾਵੇਗੀ ਭਾਜਪਾ

  • bhagattanya93
  • Dec 5
  • 2 min read

05/12/2025

ree

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਵੀਰਵਾਰ ਨੂੰ ਵੱਖ-ਵੱਖ ਥਾਵਾਂ ’ਤੇ ਹੁਕਮਰਾਨ ਤੇ ਵਿਰੋਧੀ ਧਿਰ ਦੇ ਸਮਰਥਕਾਂ ਦੌਰਾਨ ਜ਼ਬਰਦਸਤ ਖਿੱਚ-ਧੂਹ, ਘਸੁੰਨ-ਮੁੱਕੀ ਹੋਣ, ਪੱਗਾ ਉਤਰਨ, ਲੜਾਈ-ਝਗੜੇ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਹੁਕਮਰਾਨ ਧਿਰ ਵੱਲੋਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਣ ਦੇ ਮਾਮਲੇ ’ਚ ਅਕਾਲੀ ਦਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ, ਜਦਕਿ ਭਾਜਪਾ ਨੇ ਵੀ ਹਾਈਕੋਰਟ ਦਾ ਰੁਖ਼ ਅਖਤਿਆਰ ਕਰਨ ਦੀ ਗੱਲ ਕਹੀ ਹੈ। ਵੀਰਵਾਰ ਨੂੰ ਸਾਰਾ ਦਿਨ ਵੱਖ-ਵੱਖ ਥਾਵਾਂ ’ਤੇ ਉਮੀਦਵਾਰਾਂ ਤੇ ਸਮਰਥਕਾਂ ਦਰਮਿਆਨ ਝਗੜਾ, ਖਿੱਚ-ਧੂਹ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਕ ਆਡੀਓ ਆਪਣੇ ਐਕਸ ਅਕਾਊਂਟ ’ਤੇ ਸ਼ੇਅਰ ਕੀਤੀ ਤੇ ਇਹ ਸੋਸ਼ਲ ਮੀਡੀਆ ’ਤੇ ਫੈਲ ਗਈ। ਇਸ ਨਾਲ ਪੁਲਿਸ ਦੀ ਕਿਰਕਰੀ ਹੋਈ ਤਾਂ ਪੁਲਿਸ ਨੇ ਪੀਆਰਓ ਰਾਹੀਂ ਇਸ ਆਡਿਓ ਨੂੰ ਏਆਈ ਨਾਲ ਬਣਾਉਣ ਦੀ ਗੱਲ ਕਹੀ। ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਇਸ ਮਾਮਲੇ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ। ਜਦਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਡਾ. ਦਲਜੀਤ ਸਿੰਘ ਚੀਮਾ ਨੇ ਵਾਇਰਲ ਆਡੀਓ ਦੀ ਸੀਬੀਆਈ ਜਾਂਚ ਕਰਵਾਉਣ ਤੇ ਸਬੰਧਤ ਪੁਲਿਸ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੀ ਮੰਗ ਕੀਤੀ।


ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ, "ਪਟਿਆਲਾ ਦੇ ਪੁਲਿਸ ਅਧਿਕਾਰੀ ਦਾ ਇਕ ਆਡੀਓ ਵਾਇਰਲ ਹੋਇਆ। ਉਨ੍ਹਾਂ ਕਿਹਾ ਕਿ ਆਡੀਓ ’ਚ ਜੋ ਸੁਣਿਆ ਹੈ, ਉਹ ਬਿਲਕੁੱਲ ਸੱਚ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਵਿਰੁੱਧ ਹਾਈ ਕੋਰਟ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਚੋਣ ਕਮਿਸ਼ਨ ਤੋਂ ਕੋਈ ਉਮੀਦ ਨਹੀਂ ਹੈ।


ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਐਕਸ 'ਤੇ ਲਿਖਿਆ ਕਿ ਵੋਟ ਚੋਰੀ ਦਾ ਦੋਸ਼ ਲਗਾਉਣ ਵਾਲੇ ਖੁਦ ਵੋਟਾਂ ਚੋਰੀ ਕਰਨ ਦੀ ਤਿਆਰੀ ਕਰ ਰਹੇ ਹਨ। ਐੱਸਐੱਸਪੀ ਦਾ ਵਾਇਰਲ ਆਡੀਓ ਲੋਕਤੰਤਰ ਦੇ ਹੋਣ ਵਾਲੇ ਕਤਲ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਨੇ ਖੁੱਲ੍ਹੇਆਮ 'ਸਾਮ-ਦਾਮ-ਦੰਡ-ਭੇਦ' ਦੀ ਨੀਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਦੀ ਵੱਡੇ ਪੱਧਰ ’ਤੇ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਪੱਧਰ ’ਤੇ ਕਾਂਗਰਸ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੋਟ ਚੋਰੀ ਦਾ ਮੁੱਦਾ ਉਠਾਉਂਦੀ ਹੈ ਤੇ ਖੁਦ ਇੱਥੇ ਪੂਰੀ ਚੋਣ ਦਾ ਪ੍ਰਬੰਧ ਕਰ ਰਹੀ ਹੈ। ਪੰਜਾਬ ਭਾਜਪਾ ਇਸ ਧੱਕੇਸ਼ਾਹੀ ਦਾ ਸਖ਼ਤ ਵਿਰੋਧ ਕਰੇਗੀ।


ਭਾਜਪਾ ਆਗੂ ਅਨਿਲ ਸਰੀਨ ਨੇ ਕਿਹਾ ਕਿ "ਨਗਰ ਨਿਗਮ, ਨਗਰ ਪ੍ਰੀਸ਼ਦ, ਪੰਚਾਇਤ ਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਤੋਂ ਬਾਅਦ ਸਰਕਾਰ ਹੁਣ ਪੁਲਿਸ ਫੋਰਸ ਦੀ ਮਦਦ ਨਾਲ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਵੋਟਾਂ ਚੋਰੀ ਕਰਨਾ ਚਾਹੁੰਦੀ ਹੈ। ਪਟਿਆਲਾ ਦੇ ਪੁਲਿਸ ਅਧਿਕਾਰੀ ਦੀ ਆਡੀਓ ਦਾ ਹਵਾਲਾ ਦਿੰਦੇ ਹੋਏ ਭਾਜਪਾ ਆਗੂ ਨੇ ਕਿਹਾ ਕਿ ਡੀਜੀਪੀ ਨੇ ਕਿਹਾ ਕਿ ਇਹ ਏਆਈ ਦੀ ਵਰਤੋਂ ਕਰ ਕੇ ਬਣਾਈ ਗਈ ਹੈ ਤਾਂ ਕੀ ਉਹ ਦੱਸਣਗੇ ਕਿ ਜ਼ਮੀਨ 'ਤੇ ਉਹੀ ਚੀਜ਼ਾਂ ਕਿਉਂ ਹੋਈਆਂ ਜਿਵੇਂ ਆਡੀਓ ’ਚ ਦੱਸਿਆ ਗਿਆ ਹੈ? ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਸਭ ਕੁਝ ਬਿਲਕੁਲ ਉਸੇ ਤਰ੍ਹਾਂ ਹੋਇਆ ਜਿਵੇਂ ਮਨੀਸ਼ ਸਿਸੋਦੀਆ ਨੇ ਕਿਹਾ ਸੀ "ਸਾਮ-ਦਾਮ-ਦੰਡ-ਭੇਦ, ਜੋ ਮਰਜ਼ੀ ਕਰੋ, ਸੱਚ ਜਾਂ ਝੂਠ।" ਪਾਰਟੀ ਇਸ ਵਿਰੁੱਧ ਹਾਈ ਕੋਰਟ ਜ਼ਰੂਰ ਜਾਵੇਗੀ। ਸਰੀਨ ਨੇ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਅਧਿਕਾਰੀਆਂ ਨੂੰ ਇੱਥੇ ਹੀ ਕੰਮ ਕਰਨਾ ਹੈ।

Comments


Logo-LudhianaPlusColorChange_edited.png
bottom of page