google-site-verification=ILda1dC6H-W6AIvmbNGGfu4HX55pqigU6f5bwsHOTeM
top of page

ਜਬਰ-ਜਨਾਹ ਦੀਆਂ ਘਟਨਾਵਾਂ 'ਚ ਹੋ ਰਿਹੈ ਵਾਧਾ, ਜ਼ਿਆਦਾਤਰ ਮਾਮਲਿਆਂ ’ਚ ‘ਆਪਣਿਆਂ’ ਨੇ ਕੀਤਾ ਜ+ਬਰ ਜਨਾ+ਹ

  • Dec 9, 2023
  • 2 min read

09/12/2023

ਸੂਬੇ ਵਿਚ ਜਬਰ-ਜਨਾਹ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਕੌੜਾ ਸੱਚ ਇਹ ਹੈ ਕਿ ਸੂਬੇ ਵਿਚ ਜਬਰ ਜਨਾਹ ਦੇ ਜਿੰਨ੍ਹੇ ਮਾਮਲੇ ਦਰਜ ਹੁੰਦੇ ਹਨ, ਉਸ ਤੋਂ ਕਿਤੇ ਜ਼ਿਆਦਾ ਕੇਸ ਦਰਜ ਹੀ ਨਹੀਂ ਹੁੰਦੇ, ਜਿਸ ਦਾ ਵੱਡਾ ਕਾਰਨ ਸਮਾਜ ’ਚ ਬਦਨਾਮੀ ਤੇ ਥਾਣਿਆਂ ਵਿਚ ਹੁੰਦੀ ਖੱਜਲ ਖੁਆਰੀ ਹੈ।

ਪੰਜਾਬ ਸਬੰਧੀ ਰਾਸ਼ਟਰੀ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਵੱਲੋਂ ਜਾਰੀ ਕੀਤੇ ਅੰਕੜੇ ਸਪੱਸ਼ਟ ਕਰਦੇ ਹਨ ਕਿ ਔਰਤਾਂ ਨਾਲ ਜਬਰ-ਜਨਾਹ ਦੇ ਕੇਸਾਂ ’ਚ ਪੰਜਾਬ ਦੀ ਸਥਿਤੀ ਚਿੰਤਾਜਨਕ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਵਿਚ ਜਬਰ-ਜਨਾਹ ਦੇ 90 ਫ਼ੀਸਦੀ ਤੋਂ ਜ਼ਿਆਦਾ ਮਾਮਲਿਆਂ ’ਚ ਜਾਣਕਾਰ ਹੀ ਦੋਸ਼ੀ ਨਿਕਲੇ। ਰਾਸ਼ਟਰੀ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਜਾਰੀ ਰਿਪੋਰਟ ਵਿਚ ਪਤਾ ਲੱਗਿਆ ਹੈ ਕਿ ਪੰਜਾਬ ਵਿਚ ਜਬਰ ਜਨਾਹ ਦੇ ਮਾਮਲਿਆਂ ਵਿਚ 10.80 ਫ਼ੀਸਦੀ ਦਾ ਵਾਧਾ ਹੋਇਆ ਹੈ। ਸੰਨ 2021 ਵਿਚ ਜਬਰ-ਜਨਾਹ ਦੇ 464 ਮਾਮਲਿਆਂ ਦੀ ਤੁਲਨਾ ਵਿਚ ਸਾਲ 2022 ਵਿਚ 517 ਮਾਮਲੇ ਦਰਜ ਹੋਏ ਹਨ। ਰਿਪੋਰਟ ਦਾ ਇਕ ਪੱਖ ਇਹ ਵੀ ਹੈ ਕਿ 99.4 ਫ਼ੀਸਦੀ ਮਾਮਲਿਆਂ ’ਚ ਪੀੜਤਾ ਜਬਰ-ਜਨਾਹ ਕਰਨ ਵਾਲਿਆਂ ਨੂੰ ਪਹਿਲਾਂ ਤੋਂ ਜਾਣਦੀ ਸੀ। ‘ਆਫ਼ ਦੀ ਰਿਕਾਰਡ’ ਜਬਰ ਜਨਾਹ ਦੇ ਕੇਸਾਂ ਦਾ ਇਕ ਪੱਖ ਇਹ ਵੀ ਹੈ ਕਿ ਇਹ ਉਹ ਅੰਕੜੇ ਹਨ, ਜੋ ਕੇਸ ਦਰਜ ਹੁੰਦੇ ਹਨ, ਸੱਚਾਈ ਇਹ ਹੈ ਇਨ੍ਹਾਂ ਅੰਕੜਿਆਂ ਤੋਂ ਦੋ ਗੁਣਾ ਕੇਸ ਦਰਜ ਨਹੀਂ ਹੁੰਦੇ। ਇਕ ਹੋਰ ਕੌੜੀ ਸੱਚਾਈ ਇਹ ਹੈ ਕਿ ਜਬਰ-ਜਨਾਹ ਦੇ ਬਹੁਤੇ ਕੇਸਾਂ ਵਿਚ ਪੀੜਤਾਂ ਦੀ ਜ਼ੁਬਾਨ ਚੁੱਪ ਕਰਵਾ ਦਿੱਤੀ ਜਾਂਦੀ ਹੈ ਜਾਂ ਥਾਣਿਆਂ ’ਚ ਹੈਰਾਨ-ਪਰੇਸ਼ਾਨ ਕੀਤਾ ਜਾਂਦਾ ਪਰ ਕੇਸ ਦਰਜ ਨਹੀਂ ਕੀਤੇ ਜਾਂਦੇ ਤੇ ਪੀੜਤ ਚੁੱਪ ਕਰ ਕੇ ਬੈਠ ਜਾਂਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2022 ਵਿਚ ਔਰਤਾਂ ਅਗਵਾ ਕਰਨ ਦੇ 1478 ਮਾਮਲੇ, ਜਬਰ ਜਨਾਹ ਤੇ ਕਤਲ ਦੇ ਤਿੰਨ ਮਾਮਲੇ, ਦਾਜ ਲਈ ਹੱਤਿਆ ਦੇ 71 ਅਤੇ ਤੇਜ਼ਾਬ ਹਮਲੇ ਦੇ 2 ਮਾਮਲੇ ਦਰਜ ਹੋਏ ਹਨ। ਸੂਬੇ ਵਿਚ ਚੋਰੀ ਦੀਆਂ ਵਾਰਦਾਤਾਂ ’ਚ ਇਕ ਫ਼ੀਸਦੀ ਤੋਂ ਘੱਟ ਵਾਧਾ ਹੋਇਆ ਹੈ। ਰਿਪੋਰਟ ਅਨੁਸਾਰ, ਭਾਰਤੀ ਦੰਡਾਵਲੀ ਅਤੇ ਵਿਸ਼ੇਸ਼ ਤੇ ਸਥਾਨਕ ਕਾਨੂੰਨ (ਐੱਸਐੱਲਐੱਲ) ਤਹਿਤ ਪੰਜਾਬ ਵਿਚ ਦਰਜ ਅਪਰਾਧਾਂ ਦੇ ਕੁਲ ਮਾਮਲੇ 2021 ’ਚ 73581 ਸਨ, ਜੋ ਮਾਮੂਲੀ ਤੌਰ ’ਤੇ ਵੱਧ ਕੇ 2022 ਵਿਚ 73625 ਹੋ ਗਏ ਹਨ। ਕਤਲਾਂ ਨਾਲ ਸਬੰਧਤ ਘਟਨਾਵਾਂ 2021 ਵਿਚ 723 ਸਨ, ਜੋ 2022 ਵਿਚ ਘੱਟ ਕੇ 670 ਹੋ ਗਈਆਂ। ਰਿਪੋਰਟ ਅਨੁਸਾਰ ਅਗਵਾ ਦੇ ਮਾਮਲਿਆਂ ’ਚ 7.44 ਫ਼ੀਸਦੀ ਦੀ ਗਿਰਾਵਟ ਆਈ। ਸੂਬੇ ਵਿਚ ਹਿੰਸਕ ਅਪਰਾਧ ਦੇ ਮਾਮਲੇ ਘੱਟ ਕੇ 2022 ਵਿਚ 6230 ਹੋ ਗਏ, ਜੋ 2021 ’ਚ 6322 ਸਨ।

Comments


Logo-LudhianaPlusColorChange_edited.png
bottom of page